ਟੋਕੀਓ ਪੈਰਾਲੰਪਿਕਸ ਵਿੱਚ ਅੱਜ ਦਾ ਦਿਨ ਭਾਰਤ ਲਈ ਸ਼ਾਨਦਾਰ ਸਾਬਿਤ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਦੇ ਸ਼ੂਟਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੱਜ ਹੋਏ ਸ਼ੂਟਿੰਗ ਦੇ ਮੁਕਾਬਲੇ ਵਿੱਚ ਭਾਰਤ ਦੇ ਮਨੀਸ਼ ਨਰਵਾਲ ਨੇ ਗੋਲਡ ‘ਤੇ ਕਬਜ਼ਾ ਕੀਤਾ ਹੈ, ਜਦਕਿ ਸਿੰਘਰਾਜ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ।
ਦਰਅਸਲ, ਇਨ੍ਹਾਂ ਨਿਸ਼ਾਨੇਬਾਜ਼ਾਂ ਨੇ 50 ਮੀਟਰ ਏਅਰ ਪਿਸਟਲ ਈਵੈਂਟ ਦੇ ਫਾਈਨਲ ਵਿੱਚ ਭਾਰਤ ਲਈ ਦੋ ਮੈਡਲ ਜਿੱਤੇ। ਨਿਸ਼ਾਨੇਬਾਜ਼ੀ ਵਿੱਚ ਦੋ ਹੋਰ ਮੈਡਲ ਮਿਲਣ ਦੇ ਨਾਲ ਹੀ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਕੋਲ ਮੈਡਲਾਂ ਦੀ ਗਿਣਤੀ 15 ਪਹੁੰਚ ਗਈ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰ ਕੇ ਮਨੀਸ਼ ਤੇ ਸਿੰਘਰਾਜ ਨੂੰ ਵਧਾਈ ਦਿੱਤੀ ਗਈ ਹੈ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।
ਮਨੀਸ਼ ਨਰਵਾਲ ਦੀ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਉਪਲਬਧੀ। ਉਨ੍ਹਾਂ ਦਾ ਇਸ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਣਾ ਖੇਡਾਂ ਲਈ ਇੱਕ ਸ਼ਾਨਦਾਰ ਪਲ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।
ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ‘ਚ ਮਿਲੀ ਲਾਲ ਕਿਲ੍ਹੇ ਤੱਕ ਜਾਣ ਵਾਲੀ ਸੁਰੰਗ ! ਜਾਣੋ ਕਿੰਝ ਹੁੰਦੀ ਸੀ ਵਰਤੋਂ
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਸਿੰਘਰਾਜ ਨੂੰ ਟਵੀਟ ਕਰ ਕੇ ਵਧਾਈ ਦਿੰਦਿਆਂ ਕਿਹਾ ਕਿ ਸਿੰਘਰਾਜ ਅਡਾਨਾ ਨੇ ਫਿਰ ਕੀਤਾ ਕਮਾਲ! ਉਨ੍ਹਾਂ ਨੇ ਇਸ ਵਾਰ ਮਿਕਸਡ 50 ਮੀਟਰ ਪਿਸਟਲ SH 1 ਈਵੈਂਟ ਵਿੱਚ ਮੈਡਲ ਜਿੱਤਿਆ। ਉਨ੍ਹਾਂ ਦੇ ਇਸ ਕਾਰਨਾਮੇ ਨਾਲ ਭਾਰਤ ਬਹੁਤ ਖੁਸ਼ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।
ਦੱਸ ਦੇਈਏ ਕਿ ਹਰਿਆਣਾ ਦੇ ਕਥੂਰਾ ਪਿੰਡ ਦੇ ਰਹਿਣ ਵਾਲੇ ਮਨੀਸ਼ ਨਰਵਾਲ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਇਤਿਹਾਦ ਰਚ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਸਿੰਘਰਾਜ ਵੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਤੇ ਭਾਰਤ ਦਾ ਨਾਮ ਚਮਕਾ ਰਹੇ ਹਨ।