ਟੋਕਿਓ ਓਲੰਪਿਕ ਵਿੱਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ । ਇਸ ਮੁਕਾਬਲੇ ਵਿੱਚ ਭਾਰਤ ਵੱਲੋਂ ਮਨੂੰ ਭਾਕਰ ਅਤੇ ਯਸ਼ਸਵਿਨੀ ਸਿੰਘ ਦੇਸਵਾਲ ਨੇ ਚੁਣੌਤੀ ਪੇਸ਼ ਕੀਤੀ ।
ਇਨ੍ਹਾਂ ਦੋਵੇਂ ਮਹਿਲਾ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਦੋਵੇਂ ਨਿਸ਼ਾਨੇਬਾਜ਼ ਆਖਰੀ ਅੱਠ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਹੋ ਜਾਣਗੀਆਂ, ਪਰ ਅਜਿਹਾ ਨਹੀਂ ਹੋ ਸਕਿਆ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਮੁਕਾਬਲੇ ਵਿੱਚ ਲਗਾਤਾਰ ਪਿੱਛੇ ਰਹੀ ਅਤੇ ਬਾਅਦ ਵਿੱਚ ਟਾਪ-8 ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ।
ਇਹ ਵੀ ਪੜ੍ਹੋ: ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert
ਇਸ ਮੈਚ ਦੀ ਸ਼ੁਰੂਆਤ ਵਿੱਚ ਮਨੂੰ ਭਾਕਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜੀ ਰੈਂਕ ਹਾਸਿਲ ਕੀਤੀ। ਉੱਥੇ ਹੀ ਦੂਜੇ ਪਾਸੇ ਯਸ਼ਸਵਿਨੀ ਦੇਸ਼ਵਾਲ ਨੇ ਹੌਲੀ ਸ਼ੁਰੂਆਤ ਕੀਤੀ ਅਤੇ 27ਵੇਂ ਸਥਾਨ ‘ਤੇ ਰਹੀ। ਇਸ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ ਮੈਚ ਵਿੱਚ ਪਛੜ ਗਈ ਅਤੇ ਉਹ ਆਪਣਾ ਸ਼ੁਰੂਆਤੀ ਪ੍ਰਦਰਸ਼ਨ ਜਾਰੀ ਨਹੀਂ ਰੱਖ ਸਕੀ।
ਗੌਰਤਲਬ ਹੈ ਕਿ ਇਸ ਮੈਚ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਮਨੂੰ ਭਾਕਰ 17ਵੇਂ ਸਥਾਨ ‘ਤੇ ਖਿਸਕ ਗਈ ਪਰ ਇਸ ਤੋਂ ਬਾਅਦ ਉਸਨੇ ਅੱਠਵਾਂ ਰੈਂਕ ਹਾਸਿਲ ਕਰ ਕੇ ਜ਼ੋਰਦਾਰ ਵਾਪਸੀ ਕੀਤੀ। ਇਸ ਦੌਰਾਨ ਯਸ਼ਸਵਿਨੀ ਸਿੰਘ ਨੇ ਵੀ ਪੂਰਾ ਜ਼ੋਰ ਲਗਾਇਆ ਅਤੇ ਉਹ 11ਵੇਂ ਰੈਂਕ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਕੁਦਰਤ ਦਾ ਕਹਿਰ, ਹੁਣ ਤੱਕ 129 ਲੋਕਾਂ ਦੀ ਮੌਤ, NDRF ਵੱਲੋ ਬਚਾਅ ਕਾਰਜ ਜਾਰੀ
ਉਦੋਂ ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਨਿਸ਼ਾਨੇਬਾਜ਼ ਆਖਰੀ ਅੱਠ ਵਿੱਚ ਜਗ੍ਹਾ ਬਣਾ ਲੈਣਗੇ। ਪਰ ਇਸਦੇ ਬਾਅਦ ਇਹ ਦੋਵੇਂ ਮਹਿਲਾ ਨਿਸ਼ਾਨੇਬਾਜ਼ ਚੋਟੀ ਦੇ 8 ਵਿੱਚ ਪਹੁੰਚਣ ਵਿੱਚ ਅਸਫਲ ਰਹੀਆਂ ਅਤੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀਆਂ।
ਦੱਸ ਦੇਈਏ ਕਿ ਫਾਈਨਲ ਵਿੱਚ ਜਾਣ ਲਈ ਆਖਰੀ 8 ਵਿੱਚ ਜਗ੍ਹਾ ਬਣਾਉਣਾ ਜ਼ਰੂਰੀ ਸੀ। ਮਨੂੰ ਭਾਕਰ 574 ਅੰਕਾਂ ਨਾਲ 12ਵੇਂ ਅਤੇ ਯਸ਼ਸਵਿਨੀ ਸਿੰਘ 574 ਅੰਕਾਂ ਨਾਲ 13ਵੇਂ ਸਥਾਨ ‘ਤੇ ਰਹੀ । ਇਸਦੇ ਨਾਲ ਹੀ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤੀ ਚੁਣੌਤੀ ਖਤਮ ਹੋ ਗਈ। ਕੁਲ ਮਿਲਾ ਕੇ ਇਸ ਨੂੰ ਭਾਰਤ ਲਈ ਨਿਰਾਸ਼ਾਜਨਕ ਸ਼ੁਰੂਆਤ ਕਿਹਾ ਜਾਵੇਗਾ।