Naomi Osaka wins: 22 ਸਾਲਾਂ ਦੀ ਚੌਥਾ ਦਰਜਾ ਪ੍ਰਾਪਤ ਜਪਾਨ ਦੀ ਨਾਓਮੀ ਓਸਾਕਾ ਨੇ ਅਮਰੀਕੀ ਓਪਨ ਦਾ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਤਿੰਨ ਸੈੱਟ ਤੱਕ ਚੱਲੇ ਮੁਕਾਬਲੇ 1-6, 6-3, 6-3 ਨਾਲ ਮਾਤ ਦਿੱਤੀ ।
ਇਸਦੇ ਨਾਲ ਹੀ ਓਸਾਕਾ ਨੇ ਤਿੰਨ ਸਾਲਾਂ ਵਿੱਚ ਦੂਜੀ ਵਾਰ ਅਮਰੀਕੀ ਓਪਨ ‘ਤੇ ਕਬਜ਼ਾ ਕੀਤਾ। ਓਸਾਕਾ ਦਾ ਇਹ ਤੀਜਾ ਗ੍ਰੈਂਡ ਸਲੈਮ ਖਿਤਾਬ ਹੈ। ਉਹ 2018 ਵਿੱਚ ਅਤੇ ਇਸ ਵਾਰ 2020 ਵਿੱਚ ਅਮਰੀਕੀ ਓਪਨ ਵਿਜੇਤਾ ਬਣੀ, ਜਦੋਂ ਕਿ 2019 ਵਿੱਚ ਉਹ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਚੈਂਪੀਅਨ ਰਹੀ ਸੀ।
ਆਰਥਰ ਐਸ਼ ਸਟੇਡੀਅਮ ਵਿੱਚ ਇਹ ਫਾਈਨਲ ਮੁਕਾਬਲਾ 1 ਘੰਟਾ 53 ਮਿੰਟ ਚੱਲਿਆ । ਓਸਾਕਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਉਨ੍ਹਾਂ ਨੇ ਲਗਾਤਾਰ 11ਵਾਂ ਮੈਚ ਜਿੱਤਿਆ, ਜਦਕਿ ਇਸ ਹਾਰ ਨਾਲ ਅਜ਼ਾਰੇਂਕਾ ਦੀ ਜੇਤੂ ਮੁਹਿੰਮ 11 ਜਿੱਤਾਂ ਤੋਂ ਬਾਅਦ ਰੁਕ ਗਈ।
ਅਜ਼ਾਰੇਂਕਾ ਅਤੇ ਓਸਾਕਾ ਵਿਚਾਲੇ ਪੱਛਮੀ ਅਤੇ ਦੱਖਣੀ ਓਪਨ ਦਾ ਫਾਈਨਲ ਵੀ ਖੇਡਿਆ ਜਾਣਾ ਸੀ, ਪਰ ਫਿਰ ਜਾਪਾਨੀ ਖਿਡਾਰੀ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਖ਼ਿਤਾਬੀ ਮੁਕਾਬਲੇ ਤੋਂ ਪਿੱਛੇ ਹਟ ਗਈ ਸੀ। ਓਸੋਕਾ ਅਮਰੀਕਾ ਦੀ ਜੈਨੀਫਰ ਬ੍ਰੈਡੀ ਨੂੰ 7-6 (1), 3-6, 6-3 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ, ਜਦਕਿ ਅਜ਼ਾਰੇਂਕਾ ਨੇ ਸੇਰੇਨਾ ਦਾ 24ਵੇਂ ਗ੍ਰੈਂਡ ਸਲੈਮ ਖਿਤਾਬ ਦਾ ਸੁਪਨਾ ਤੋੜਦਿਆਂ ਫਾਈਨਲ ਵਿੱਚ ਥਾਂ ਬਣਾਈ ਸੀ ।