ਇੰਡੀਅਨ ਪ੍ਰੀਮੀਅਰ ਲੀਗ ਦੀਆਂ ਪੁਰਾਣੀਆਂ ਅੱਠ ਟੀਮਾਂ ਨੇ ਆਪਣੇ ਰਿਟੇਨ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਕਿੰਗਜ਼ ਨੇ ਇਸ ਵਾਰ ਮਯੰਕ ਅਗਰਵਾਲ ਅਤੇ ਅਰਸ਼ਦੀਪ ਸਿੰਘ ਨੂੰ ਬਰਕਰਾਰ ਰੱਖਿਆ ਹੈ, ਪਰ ਕਪਤਾਨ ਕੇਐੱਲ ਰਾਹੁਲ ਨੇ ਟੀਮ ਨੂੰ ਅਲਵਿਦਾ ਆਖ ਦਿੱਤਾ ਹੈ। ਹੁਣ ਇਸ ਮੁੱਦੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ।
ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੇਸ ਵਾਡੀਆ ਨੇ ਦੋਸ਼ ਲਾਇਆ ਹੈ ਕਿ ਜੇ ਕੇਐਲ ਰਾਹੁਲ ਨੂੰ ਪਹਿਲਾਂ ਹੀ ਹੋਰ ਟੀਮਾਂ ਨੇ ਸੰਪਰਕ ਕੀਤਾ ਹੈ, ਤਾਂ ਇਹ ਨਿਯਮਾਂ ਦੇ ਵਿਰੁੱਧ ਹੈ। ਨੇਸ ਵਾਡੀਆ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ, “ਅਸੀਂ ਕੇਐੱਲ ਰਾਹੁਲ ਨੂੰ ਰਿਟੇਨ ਕਰਨਾ ਚਾਹੁੰਦੇ ਸੀ, ਪਰ ਉਹ ਨਿਲਾਮੀ ‘ਚ ਜਾਣਾ ਚਾਹੁੰਦੇ ਸਨ। ਪਰ ਜੇਕਰ ਨਿਲਾਮੀ ਤੋਂ ਪਹਿਲਾਂ ਉਨ੍ਹਾਂ ਨਾਲ ਹੋਰ ਟੀਮਾਂ ਨੇ ਸੰਪਰਕ ਕੀਤਾ ਹੈ ਤਾਂ ਇਹ ਨਿਯਮਾਂ ਦੇ ਵਿਰੁੱਧ ਹੈ।”
ਦਰਅਸਲ, ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਖਨਊ ਦੀ ਟੀਮ ਨੇ ਕੇਐਲ ਰਾਹੁਲ ਨਾਲ ਸੰਪਰਕ ਕੀਤਾ ਹੈ। ਇਸ ‘ਤੇ ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੇਸ ਵਾਡੀਆ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਜਿਹਾ ਨਹੀਂ ਹੋਵੇਗਾ, ਕਿਉਂਕਿ ਇਹ ਬੀਸੀਸੀਆਈ ਨਿਯਮਾਂ ਦੇ ਖਿਲਾਫ ਹੈ। ਨੇਸ ਵਾਡੀਆ ਨੇ ਦੱਸਿਆ ਕਿ ਅਸੀਂ ਮਯੰਕ ਅਗਰਵਾਲ, ਅਰਸ਼ਦੀਪ ਸਿੰਘ ਨੂੰ ਰਿਟੇਨ ਕੀਤਾ ਹੈ। ਮਯੰਕ ਇੱਕ ਸ਼ਾਨਦਾਰ ਖਿਡਾਰੀ ਹੈ ਅਤੇ ਫਰੈਂਚਾਇਜ਼ੀ ਪ੍ਰਤੀ ਵਫ਼ਾਦਾਰ ਰਿਹਾ ਹੈ। ਅਰਸ਼ਦੀਪ ਨੇ ਵੀ ਆਪਣੇ ਆਪ ਨੂੰ ਲਗਾਤਾਰ ਸੁਧਾਰਿਆ ਹੈ, ਉਹ ਜਲਦੀ ਹੀ ਭਾਰਤ ਲਈ ਖੇਡ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਆਈਪੀਐਲ ਦੀ ਮੈਗਾ ਨਿਲਾਮੀ ਹੋ ਰਹੀ ਹੈ, ਇਸ ਤੋਂ ਪਹਿਲਾਂ ਹਰ ਪੁਰਾਣੀ ਟੀਮ ਕੋਲ ਕੁੱਲ ਚਾਰ ਖਿਡਾਰੀਆਂ ਨੂੰ ਰਿਟੇਨ ਕਰਨ ਦਾ ਮੌਕਾ ਸੀ। ਕਈ ਟੀਮਾਂ ਨੇ ਇੱਕ ਤੋਂ ਚਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਨਿਯਮਾਂ ਮੁਤਾਬਿਕ ਕੋਈ ਵੀ ਖਿਡਾਰੀ ਜਾਂ ਹੋਰ ਟੀਮ ਉਦੋਂ ਤੱਕ ਇੱਕ ਦੂਜੇ ਨਾਲ ਸੰਪਰਕ ਨਹੀਂ ਕਰ ਸਕਦੀ ਜਦੋਂ ਤੱਕ ਪੁਰਾਣੀ ਟੀਮ ਉਸ ਖਿਡਾਰੀ ਨੂੰ ਪੂਰੀ ਤਰ੍ਹਾਂ ਰਿਲੀਜ਼ ਨਹੀਂ ਕਰ ਦਿੰਦੀ। ਪੁਰਾਣੀ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਹੀ ਕੋਈ ਖਿਡਾਰੀ ਨਵੀਂ ਟੀਮ ਨਾਲ ਗੱਲ ਕਰ ਸਕਦਾ ਹੈ ਜਾਂ ਨਿਲਾਮੀ ਵਿੱਚ ਜਾ ਸਕਦਾ ਹੈ। ਸਾਲ 2010 ਵਿੱਚ ਜਦੋਂ ਰਵਿੰਦਰ ਜਡੇਜਾ ਰਾਜਸਥਾਨ ਰਾਇਲਜ਼ ਦਾ ਹਿੱਸਾ ਸਨ ਤਾਂ ਉਨ੍ਹਾਂ ਨੇ ਕਿਸੇ ਹੋਰ ਟੀਮ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ। ਅਜਿਹੇ ‘ਚ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਗਿਆ ਸੀ, ਜਿਸ ਕਾਰਨ ਉਹ ਇੱਕ ਸਾਲ ਤੱਕ ਨਹੀਂ ਖੇਡ ਸਕੇ ਸੀ।
ਵੀਡੀਓ ਲਈ ਕਲਿੱਕ ਕਰੋ -: