ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਇੱਕ ਵਾਰ ਫਿਰ ਝਟਕਾ ਲੱਗਿਆ ਹੈ। ਆਸਟ੍ਰੇਲੀਅਨ ਸਰਕਾਰ ਨੇ ਟੀਕਾਕਰਨ ਨਾ ਹੋਣ ਕਾਰਨ ਦੂਜੀ ਵਾਰ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਫੈਸਲੇ ਦਾ ਮਤਲਬ ਹੈ ਕਿ ਜੋਕੋਵਿਚ ਨੂੰ ਹੁਣ ਤਿੰਨ ਸਾਲ ਲਈ ਡਿਪੋਰਟ ਕੀਤਾ ਜਾ ਸਕਦਾ ਹੈ।
ਹਾਲਾਂਕਿ, 34 ਸਾਲਾ ਸਰਬੀਆਈ ਟੈਨਿਸ ਸਟਾਰ ਅਜੇ ਵੀ ਦੇਸ਼ ਵਿੱਚ ਰਹਿਣ ਲਈ ਇੱਕ ਹੋਰ ਕਾਨੂੰਨੀ ਲੜਾਈ ਲੜ ਸਕਦਾ ਹੈ। ਜੋਕੋਵਿਚ ਨੇ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ‘ਚ ਖੇਡਣਾ ਸੀ ਪਰ ਇਸ ਫੈਸਲੇ ਤੋਂ ਬਾਅਦ ਉਸ ਨੂੰ ਇਸ ਟੂਰਨਾਮੈਂਟ ‘ਚ ਹਿੱਸਾ ਲੈਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਜੋਕੋਵਿਚ ਦਾ ਵੀਜ਼ਾ 6 ਜਨਵਰੀ ਨੂੰ ਮੈਲਬੌਰਨ ਪਹੁੰਚਣ ਤੋਂ ਤੁਰੰਤ ਬਾਅਦ ਰੱਦ ਕਰ ਦਿੱਤਾ ਗਿਆ ਸੀ। ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਟੀਕਾਕਰਨ ਲਈ ਯੋਗ ਹੋਣ ਲਈ ਉਚਿਤ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਮੈਲਬੌਰਨ ਏਅਰਪੋਰਟ ‘ਤੇ ਇਮੀਗ੍ਰੇਸ਼ਨ ਕੰਟਰੋਲ ਵਿਭਾਗ ‘ਚ ਘੰਟੇ ਬਿਤਾਉਣ ਤੋਂ ਬਾਅਦ ਜੋਕੋਵਿਚ ਨੇ ਕੁੱਝ ਦਿਨ ਇਮੀਗ੍ਰੇਸ਼ਨ ਹੋਟਲ ‘ਚ ਬਿਤਾਏ ਸੀ। ਜੋਕੋਵਿਚ ਨੇ ਫਿਰ ਵੀਜ਼ਾ ਰੱਦ ਕੀਤੇ ਜਾਣ ਦੇ ਖਿਲਾਫ ਅਦਾਲਤ ਦਾ ਸਹਾਰਾ ਲਿਆ, ਜਿੱਥੇ ਸੁਣਵਾਈ ਤੋਂ ਬਾਅਦ ਜੱਜ ਨੇ ਉਨ੍ਹਾਂ ਦਾ ਵੀਜ਼ਾ ਬਹਾਲ ਕਰ ਦਿੱਤਾ। ਪਰ ਹੁਣ ਮੈਲਬੌਰਨ ‘ਚ ਸ਼ੁੱਕਰਵਾਰ ਸ਼ਾਮ ਨੂੰ ਹੌਕ ਨੇ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਐਕਟ ‘ਚ ਵੱਖ-ਵੱਖ ਅਧਿਕਾਰਾਂ ਤਹਿਤ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ। ਐਕਟ ਉਹਨਾਂ ਨੂੰ ਕਿਸੇ ਵੀ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦੀ ਇਜਾਜ਼ਤ ਦਿੰਦਾ ਹੈ ਜੋ ਆਸਟ੍ਰੇਲੀਆਈ ਭਾਈਚਾਰੇ ਦੀ ਸਿਹਤ ਜਾਂ ਸੁਰੱਖਿਆ ਲਈ ਸੰਭਾਵੀ ਖਤਰਾ ਪੈਦਾ ਕਰਦਾ ਹੈ।
ਹਾਲਾਂਕਿ ਜੋਕੋਵਿਚ ਅਜੇ ਵੀ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੇ ਹਨ। ਜੋਕੋਵਿਚ ਵੱਲੋਂ ਟਰੈਵਲ ਦਸਤਾਵੇਜ਼ ‘ਤੇ ਗਲਤ ਜਾਣਕਾਰੀ ਦੇਣ ਤੋਂ ਬਾਅਦ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਦਸਤਾਵੇਜ਼ ਦੇ ਅਨੁਸਾਰ, ਇਹ ਕਿਹਾ ਗਿਆ ਸੀ ਕਿ ਜੋਕੋਵਿਚ ਨੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ 14 ਦਿਨਾਂ ਵਿੱਚ ਯਾਤਰਾ ਨਹੀਂ ਕੀਤੀ ਸੀ। ਜਦਕਿ ਅਸਲ ਵਿੱਚ ਉਹ ਸਪੇਨ ਗਿਆ ਸੀ। ਉਸ ਨੇ ਕਿਹਾ ਸੀ ਕਿ ਗਲਤੀ ਉਸ ਦੇ ਏਜੰਟ ਤੋਂ ਹੋਈ ਹੈ। ਉਨ੍ਹਾਂ ਨੇ ਇਸ ਨੂੰ ‘ਮਨੁੱਖੀ ਗਲਤੀ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਜਾਣ ਬੁੱਝ ਕੇ ਨਹੀਂ ਕੀਤਾ ਗਿਆ। ਜੋਕੋਵਿਚ ਨੇ ਇਹ ਵੀ ਮੰਨਿਆ ਕਿ ਉਹ ਇੱਕ ਪੱਤਰਕਾਰ ਨੂੰ ਮਿਲਿਆ ਅਤੇ ਕੋਵਿਡ-19 ਸਕਾਰਾਤਮਕ ਹੋਣ ਦੇ ਬਾਵਜੂਦ ਇੱਕ ਫੋਟੋਸ਼ੂਟ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ -: