ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਇੰਦੌਰ ਵਿੱਚ 1 ਮਾਰਚ ਨੂੰ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਵਿੱਚੋਂ ਬਾਹਰ ਹੋ ਗਏ ਹਨ। ਕਮਿੰਸ ਦੂਜੇ ਮੈਚ ਦੇ ਖਤਮ ਹੋਣ ਮਗਰੋਂ ਆਸਟ੍ਰੇਲੀਆ ਪਰਤ ਗਏ ਸਨ ਤੇ ਉਹ ਇਸ ਮੈਚ ਲਈ ਵਾਪਸ ਨਹੀਂ ਆਉਣਗੇ। ਕ੍ਰਿਕਟ ਆਸਟ੍ਰੇਲੀਆ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ । ਦੱਸ ਦੇਈਏ ਕਿ ਆਸਟ੍ਰੇਲੀਆ ਟੀਮ ਪਹਿਲਾਂ ਹੀ ਚਾਰ ਮੈਚਾਂ ਦੀ ਸੀਰੀਜ਼ ਵਿੱਚ 0-2 ਨਾਲ ਪਿੱਛੇ ਚੱਲ ਰਹੀ ਹੈ। ਹੁਣ ਪੈਟ ਕਮਿੰਸ ਦੇ ਨਾ ਖੇਡਣ ਦੀ ਸਥਿਤੀ ਵਿੱਚ ਟੀਮ ਦੀ ਕਮਾਨ ਉਪ-ਕਪਤਾਨ ਸਟੀਵ ਸਮਿੱਥ ਦੇ ਹੱਥਾਂ ਵਿੱਚ ਰਹੇਗੀ।
ਕਪਤਾਨ ਕਮਿੰਸ ਦੇ ਇਸ ਮੈਚ ਤੋਂ ਬਾਹਰ ਹੋ ਜਾਣ ਨਾਲ ਆਸਟ੍ਰੇਲੀਆ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਕਮਿੰਸ ਕਪਤਾਨ ਦੇ ਨਾਲ-ਨਾਲ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਵੀ ਹਨ। ਅਜਿਹੇ ਵਿੱਚ ਟੀਮ ਨੂੰ ਦੋਹਰਾ ਨੁਕਸਾਨ ਹੋਵੇਗਾ। ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਤੀਜਾ ਟੈਸਟ ਮੈਚ ਵਿੱਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ 1 ਮਾਰਚ ਤੋਂ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਛੱਡਣਗੇ ਕੈਨੇਡਾ ਦੀ ਨਾਗਰਿਕਤਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’
ਦੱਸ ਦੇਈਏ ਕਿ ਆਸਟ੍ਰੇਲੀਆ ਨੂੰ ਇੱਕ ਤੋਂ ਬਾਅਦ ਇੱਕ ਕਈ ਝਟਕੇ ਲੱਗ ਚੁੱਕੇ ਹਨ। ਟੀਮ ਦੇ ਸਟਾਰ ਓਪਨਰ ਡੇਵਿਡ ਵਾਰਨਰ ਪਹਿਲਾਂ ਹੀ ਆਪਣੀ ਸੱਟ ਦੇ ਚੱਲਦਿਆਂ ਬਾਕੀ ਦੋਹਾਂ ਮੈਚਾਂ ਤੋਂ ਬਾਹਰ ਹੋ ਚੁੱਕੇ ਹਨ। ਅਜਿਹੇ ਵਿੱਚ ਟੀਮ ਨੂੰ ਲਗਾਤਾਰ ਇੱਕ ਦੇ ਬਾਅਦ ਇੱਕ ਝਟਕੇ ਲੱਗਦੇ ਜਾ ਰਹੇ ਹਨ। ਗੌਰਤਲਬ ਹੈ ਕਿ ਟੀਮ ਵਿੱਚ ਤੀਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਤੇ ਸਟਾਰ ਆਲਰਾਊਂਡਰ ਕੈਮਰੂਨ ਗ੍ਰੀਨ ਪੂਰੀ ਤਰਾਂ ਫਿੱਟ ਹੋ ਚੁੱਕੇ ਹਨ। ਅਜਿਹੇ ਵਿੱਚ ਉਮੀਦ ਹੈ ਕਿ ਦੋਹਾਂ ਖਿਡਾਰੀਆਂ ਨੂੰ ਇੰਦੌਰ ਟੈਸਟ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: