PBKS vs KKR IPL 2021: ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਕਪਤਾਨ ਇਯੋਨ ਮੋਰਗਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸੋਮਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਕੋਲਕਾਤਾ ਨੇ ਸੀਰੀਜ਼ ਦੀ ਦੂਜੀ ਜਿੱਤ ਦਰਜ ਕੀਤੀ ਹੈ । ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੂੰ 9 ਵਿਕਟਾਂ ‘ਤੇ 123 ਦੌੜਾਂ ‘ਤੇ ਰੋਕ ਦਿੱਤਾ ਅਤੇ ਫਿਰ ਉਸਨੇ 16.4 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ।
ਪੰਜਾਬ ਤੋਂ ਮਿਲੇ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਵੀ ਸ਼ੁਰੂਆਤ ਮਾੜੀ ਰਹੀ ਅਤੇ ਟੀਮ ਨੇ 17 ਦੌੜਾਂ ‘ਤੇ ਹੀ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਜਿਸ ਵਿੱਚ ਸ਼ੁਭਮਨ ਗਿੱਲ (9), ਨਿਤੀਸ਼ ਰਾਣਾ (0) ਅਤੇ ਸੁਨੀਲ ਨਰਾਇਣ (0) ਦੀਆਂ ਵਿਕਟਾਂ ਸ਼ਾਮਿਲ ਹਨ। ਹਾਲਾਂਕਿ ਇਸ ਤੋਂ ਬਾਅਦ ਫਿਰ ਰਾਹੁਲ ਤ੍ਰਿਪਾਠੀ (41) ਅਤੇ ਕਪਤਾਨ ਈਯੋਨ ਮੋਰਗਨ ਨੇ ਚੌਥੇ ਵਿਕਟ ਲਈ 48 ਗੇਂਦਾਂ ‘ਤੇ 66 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸੰਭਾਲਿਆ। ਇਸ ਤੋਂ ਬਾਅਦ ਤ੍ਰਿਪਾਠੀ ਆਊਟ ਹੋ ਗਏ। ਉਸਨੇ 32 ਗੇਂਦਾਂ ‘ਤੇ ਸੱਤ ਚੌਕੇ ਲਗਾਏ ।
ਤ੍ਰਿਪਾਠੀ ਦੇ ਆਊਟ ਹੋਣ ਤੋਂ ਬਾਅਦ ਆਂਦਰੇ ਰਸਲ (10) ਵੀ ਟੀਮ ਦੇ 98 ਦੇ ਸਕੋਰ ‘ਤੇ ਪੰਜਵੇਂ ਬੱਲੇਬਾਜ਼ ਵਜੋਂ ਰਨ ਆਊਟ ਹੋ ਗਏ। ਹਾਲਾਂਕਿ, ਮੋਰਗਨ ਨੇ ਇੱਕ ਸਿਰੇ ਨੂੰ ਸੰਭਾਲ ਕੇ ਰੱਖਿਆ ਅਤੇ 47 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਪੰਜ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਮੋਰਗਨ ਨੇ 40 ਗੇਂਦਾਂ ‘ਤੇ ਚਾਰ ਚੌਕੇ ਅਤੇ ਦੋ ਛੱਕੇ ਮਾਰੇ । ਦਿਨੇਸ਼ ਕਾਰਤਿਕ ਨੇ 6 ਗੇਂਦਾਂ ‘ਤੇ ਦੋ ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾਈਆਂ ।
ਪੰਜਾਬ ਕਿੰਗਜ਼ ਲਈ ਮੁਹੰਮਦ ਸ਼ਮੀ, ਮੋਜ਼ੇਸ ਆਨਰੀਕੇਜ਼, ਅਰਸ਼ਦੀਪ ਸਿੰਘ ਅਤੇ ਦੀਪਕ ਹੁੱਡਾ ਨੇ ਇੱਕ-ਇੱਕ ਵਿਕਟ ਲਈ । ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 123 ਦੌੜਾਂ’ ਤੇ ਰੋਕ ਦਿੱਤਾ । ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੇ ਲਈ ਕਪਤਾਨ ਲੋਕੇਸ਼ ਰਾਹੁਲ ਅਤੇ ਮਯੰਕ ਅਗਰਵਾਲ ਨੇ ਪਹਿਲੇ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ । ਇਸ ਤੋਂ ਬਾਅਦ ਟੀਮ ਪੂਰੀ ਤਰ੍ਹਾਂ ਨਾਲ ਢਹਿ ਗਈ ਅਤੇ ਉਹ ਕੋਲਕਾਤਾ ਨੂੰ ਵੱਡਾ ਟੀਚਾ ਨਹੀਂ ਦੇ ਸਕੀ ।
ਦੱਸ ਦੇਈਏ ਕਿ ਕੋਲਕਾਤਾ ਦੀ ਇਸ ਸੀਜ਼ਨ ਵਿੱਚ 6 ਮੈਚਾਂ ਵਿੱਚ ਇਹ ਦੂਜੀ ਜਿੱਤ ਹੈ । ਟੀਮ ਦੇ ਹੁਣ ਚਾਰ ਅੰਕ ਹੋ ਗਏ ਹਨ ਅਤੇ ਉਹ ਪੁਆਇੰਟ ਟੇਬਲ ਵਿੱਚ ਪੰਜਵੇਂ ਨੰਬਰ ‘ਤੇ ਪਹੁੰਚ ਗਈ ਹੈ। ਕੋਲਕਾਤਾ ਦੀ ਲਗਾਤਾਰ ਚਾਰ ਵਾਰ ਹਾਰ ਤੋਂ ਬਾਅਦ ਇਹ ਪਹਿਲੀ ਜਿੱਤ ਹੈ । ਪੰਜਾਬ ਨੂੰ ਛੇ ਮੈਚਾਂ ਵਿੱਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਟੀਮ ਚਾਰ ਅੰਕਾਂ ਨਾਲ ਛੇਵੇਂ ਨੰਬਰ ‘ਤੇ ਹੈ।