Ravindra Jadeja ruled out: ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਗੁਆਉਣ ਤੋਂ ਬਾਅਦ ਟੀ-20 ਸੀਰੀਜ਼ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਟੀਮ ਇੰਡੀਆ ਨੂੰ ਸ਼ੁੱਕਰਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਜਦੋਂ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਸੱਟ ਦੇ ਕਾਰਨ ਸੀਰੀਜ਼ ਤੋਂ ਬਾਹਰ ਹੋਣਾ ਪਿਆ । BCCI ਨੇ ਜਡੇਜਾ ਦੀ ਜਗ੍ਹਾ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ਬਾਕੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਵਿੱਚ ਸ਼ਾਮਿਲ ਕਰ ਲਿਆ ਹੈ ।
ਦਰਅਸਲ, ਰਵਿੰਦਰ ਜਡੇਜਾ ਸ਼ੁੱਕਰਵਾਰ ਨੂੰ ਕੈਨਬਰਾ ਵਿੱਚ ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ ਸੀ । ਜਡੇਜਾ ਨੂੰ ਭਾਰਤੀ ਪਾਰੀ ਦੇ ਆਖਰੀ ਓਵਰ ਵਿੱਚ ਮਿਸ਼ੇਲ ਸਟਾਰਕ ਦੇ ਬਾਊਂਸਰ ਨਾਲ ਸਿਰ ਦੇ ਖੱਬੇ ਪਾਸੇ ਸੱਟ ਲੱਗੀ। ਉਹ ਵਿਕਟਾਂ ਦੇ ਵਿਚਕਾਰ ਦੌੜਦਿਆਂ ਦਰਦ ਨਾਲ ਕੁਰਲਾ ਰਹੇ ਸੀ । ਰਵਿੰਦਰ ਜਡੇਜਾ ਨੂੰ ਹੈਲਮੇਟ ‘ਤੇ ਗੇਂਦ ਲੱਗਣ ਤੋਂ ਬਾਅਦ ਯੁਜਵੇਂਦਰ ਚਾਹਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ । ਪਿਛਲੇ ਸਾਲ ਜੁਲਾਈ ਵਿੱਚ ਹੀ ਆਈਸੀਸੀ ਨੇ ਇੱਕ ਖਿਡਾਰੀ ਨੂੰ ਉਸਦੇ ਵਿਕਲਪ ਨੂੰ ਉਤਾਰਨ ਦੀ ਆਗਿਆ ਦਿੱਤੀ ਸੀ।
ਜਡੇਜਾ ਦੀ ਸੱਟ ਲੱਗਣ ਨੂੰ ਲੈ ਕੇ BCCI ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਲਿਖਿਆ, “ਰਵਿੰਦਰ ਜਡੇਜਾ ਨੂੰ ਪਹਿਲੇ ਟੀ-20 ਮੈਚ ਵਿੱਚ ਪਹਿਲੀ ਪਾਰੀ ਦੇ ਆਖਰੀ ਓਵਰ ਵਿੱਚ ਹੈਲਮੇਟ ‘ਤੇ ਗੇਂਦ ਲੱਗੀ।” ਯੁਜਵੇਂਦਰ ਚਾਹਲ ਨੂੰ ਫੀਲਡਿੰਗ ਦੌਰਾਨ ਮੈਦਾਨ ‘ਤੇ ਉਤਾਰਿਆ ਗਿਆ ।
ਬੀਸੀਸੀਆਈ ਦੀ ਮੈਡੀਕਲ ਟੀਮ ਜਡੇਜਾ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਜਡੇਜਾ ਡਾਕਟਰਾਂ ਦੀ ਨਿਗਰਾਨੀ ਹੇਠ ਹੋਣਗੇ ਅਤੇ ਸ਼ਨੀਵਾਰ ਸਵੇਰੇ ਜਾਂਚ ਤੋਂ ਬਾਅਦ ਜੇ ਲੋੜ ਪਈ ਤਾਂ ਸਕੈਨ ਲਈ ਲਿਜਾਇਆ ਜਾਵੇਗਾ । ਫਿਲਹਾਲ, ਉਹ ਚੱਲ ਰਹੀ ਟੀ-20 ਸੀਰੀਜ਼ ਵਿੱਚ ਨਹੀਂ ਖੇਡਣਗੇ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਰਵਿੰਦਰ ਜਡੇਜਾ ਨੇ 23 ਗੇਂਦਾਂ ‘ਤੇ 44 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਭਾਰਤ ਨੂੰ ਸੱਤ ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ‘ਤੇ ਪਹੁੰਚਾਇਆ । ਭਾਰਤ ਨੇ ਇਹ ਮੈਚ ਆਸਟ੍ਰੇਲੀਆ ਤੋਂ 11 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ।
ਇਹ ਵੀ ਦੇਖੋ: ਪੰਜਾਬ ਦੀ ਸ਼ੇਰਨੀ ਨਵਜੋਤ ਕੌਰ ਲੰਬੀ ਨੇ ਸਨੀ ਦਿਓਲ ਨੂੰ ਦਿੱਤੀ ਪੰਜਾਬ ‘ਚ ਵੜਕੇ ਵਿਖਾਉਣ ਦੀ ਚੇਤਾਵਨੀ !