Ravindra Jadeja ruled out: ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਬਹੁਤ ਬੁਰੀ ਖ਼ਬਰ ਹੈ। ਦਰਅਸਲ, ਰਵਿੰਦਰ ਜਡੇਜਾ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਸਿਡਨੀ ਵਿੱਚ ਤੀਜੇ ਟੈਸਟ ਮੈਚ ਦੌਰਾਨ ਜਡੇਜਾ ਦੇ ਖੱਬੇ ਹੱਥ ਦਾ ਅੰਗੂਠਾ ਫਰੈਕਚਰ ਹੋ ਗਿਆ ਸੀ । ਇਸ ਤੋਂ ਬਾਅਦ ਉਸ ਦੇ ਅੰਗੂਠੇ ਦੀ ਸਰਜਰੀ ਕੀਤੀ ਗਈ ਸੀ, ਉਸਨੂੰ ਇਸ ਸੱਟ ਤੋਂ ਠੀਕ ਹੋਣ ਲਈ ਲਗਭਗ ਛੇ ਹਫ਼ਤਿਆਂ ਦਾ ਸਮਾਂ ਲੱਗੇਗਾ। ਚਾਰ ਟੈਸਟ ਮੈਚ, ਪੰਜ ਟੀ -20 ਅਤੇ ਤਿੰਨ ਵਨਡੇ ਮੈਚਾਂ ਲਈ ਇੰਗਲੈਂਡ ਦਾ ਭਾਰਤ ਦੌਰਾ 5 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ । ਪਹਿਲੇ ਦੋ ਟੈਸਟ ਮੈਚ ਚੇੱਨਈ ਵਿੱਚ ਖੇਡੇ ਜਾਣਗੇ ਅਤੇ ਉਸ ਤੋਂ ਬਾਅਦ ਅਹਿਮਦਾਬਾਦ ਵਿੱਚ ਮੈਚ ਖੇਡੇ ਜਾਣਗੇ । ਟੀ-20 ਅਤੇ ਵਨਡੇ ਵਿੱਚ ਜਡੇਜਾ ਦੇ ਖੇਡਣ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ । ਬੀਸੀਸੀਆਈ ਦੇ ਸੂਤਰਾਂ ਅਨੁਸਾਰ ਇਸ ਬਾਰੇ ਬਾਅਦ ਵਿੱਚ ਫੈਸਲਾ ਲਿਆ ਜਾਵੇਗਾ।
ਇਸ ਸਬੰਧੀ BCCI ਦੇ ਇੱਕ ਅਧਿਕਾਰੀ ਨੇ ਦੱਸਿਆ, “ਜਡੇਜਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਠੀਕ ਹੋਣ ਵਿੱਚ ਛੇ ਹਫ਼ਤੇ ਲੱਗਣਗੇ।” ਬੀਸੀਸੀਆਈ ਨੇ ਚੋਣਕਾਰਾਂ ‘ਤੇ ਛੋਟੇ ਖੇਡ ਫਾਰਮੈਟ ਲਈ ਫੈਸਲਾ ਛੱਡ ਦਿੱਤਾ ਹੈ।’ ‘ਜਡੇਜਾ ਇਲਾਜ ਲਈ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਰਹਿਣਗੇ । ਬੀਸੀਸੀਆਈ ਨੇ ਇੰਗਲੈਂਡ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ । ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ਲਈ ਆਲਰਾਊਂਡਰ ਅਕਸ਼ਰ ਪਟੇਲ ਨੂੰ ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਡੈਬਿਊ ਕਰਨ ਵਾਲੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਦੀ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੁੰਦਰ ਨੇ ਆਪਣੇ ਡੈਬਿਊ ਟੈਸਟ ਵਿੱਚ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਪਣੇ ਪਹਿਲੇ ਟੈਸਟ ਵਿੱਚ ਚਾਰ ਵਿਕਟਾਂ ਅਤੇ 84 ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਆਲਰਾਊਂਡਰ ਰਵਿੰਦਰ ਜੇਦਜਾ ਅਤੇ ਮਿਡਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਸੱਟ ਕਾਰਨ ਇਸ ਟੀਮ ਦਾ ਹਿੱਸਾ ਨਹੀਂ ਹਨ। ਹਾਲਾਂਕਿ, ਇਨ੍ਹਾਂ ਖਿਡਾਰੀਆਂ ਨੂੰ ਬਾਕੀ ਦੋ ਟੈਸਟਾਂ ਲਈ ਟੀਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਖਿਲਾਫ਼ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ ਅਸ਼ਵਿਨ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ ।