RCB Beat SunRisers Hyderabad: ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ IPL ਦੇ 13ਵੇਂ ਸੀਜ਼ਨ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਆਪਣੇ ਅਭਿਆਨ ਦੀ ਜੇਤੂ ਸ਼ੁਰੂਆਤ ਕੀਤੀ। RCB ਦੇ ਪਹਿਲੇ ਬੱਲੇਬਾਜ਼ਾਂ ਨੇ, ਫਿਰ ਗੇਂਦਬਾਜ਼ਾਂ ਨੇ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ RCB ਨੇ ਤਹਿ ਕੀਤੇ ਓਵਰ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 163 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ 19.4 ਓਵਰਾਂ ਵਿੱਚ 153 ਦੌੜਾਂ ‘ਤੇ ਸਿਮਟ ਗਈ । ਬੰਗਲੌਰ ਲਈ ਯੁਜਵੇਂਦਰ ਚਾਹਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ । ਬੰਗਲੌਰ ਲਈ ਸਭ ਤੋਂ ਜ਼ਿਆਦਾ 3 ਵਿਕਟਾਂ ਲੈਣ ਵਾਲੇ ਯੁਜਵੇਂਦਰ ਚਾਹਲ ਮੈਨ ਆਫ ਦ ਮੈਚ ਰਹੇ । ਚਾਹਲ ਤੋਂ ਇਲਾਵਾ ਨਵਦੀਪ ਸੈਣੀ ਅਤੇ ਸ਼ਿਵਮ ਦੂਬੇ ਨੂੰ ਦੋ-ਦੋ ਸਫਲਤਾ ਮਿਲੀਆਂ । ਉੱਥੇ ਡੇਲ ਸਟੇਨ ਨੇ ਇੱਕ ਵਿਕਟ ਲਈ।
ਇਸ ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਨੂੰ ਕੋਈ ਖਾਸ ਸ਼ੁਰੂਆਤ ਨਹੀਂ ਮਿਲੀ ਅਤੇ ਹੈਦਰਾਬਾਦ ਨੂੰ ਕਪਤਾਨ ਡੇਵਿਡ ਵਾਰਨਰ ਵਜੋਂ 18 ਦੌੜਾਂ ‘ਤੇ ਪਹਿਲਾ ਝਟਕਾ ਲੱਗਿਆ। ਇਸ ਵੱਡੇ ਝਟਕੇ ਤੋਂ ਬਾਅਦ ਜੌਨੀ ਬੇਅਰਸਟੋ ਨੇ ਮਨੀਸ਼ ਪਾਂਡੇ ਨਾਲ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਸੰਭਾਲਿਆ । ਇਸ ਸਾਂਝੇਦਾਰੀ ਨੇ ਵਿਰਾਟ ਕੋਹਲੀ ਲਈ ਤਕਰੀਬਨ ਮੁਸੀਬਤ ਖੜ੍ਹੀ ਕਰ ਦਿੱਤੀ, ਪਰ ਚਾਹਲ ਨੇ ਪਾਂਡੇ ਨੂੰ ਆਊਟ ਕਰਦਿਆਂ ਆਪਣੇ ਕਪਤਾਨ ਦੀ ਚਿੰਤਾ ਘਟਾ ਦਿੱਤੀ । ਪਾਂਡੇ ਨੇ 33 ਗੇਂਦਾਂ ‘ਤੇ 34 ਦੌੜਾਂ ਬਣਾਈਆਂ । ਹੈਦਰਾਬਾਦ ਨੂੰ ਪਾਂਡੇ ਨਾਲ ਬੇਅਰਸਟੋ ਵਜੋਂ ਤੀਜਾ ਵੱਡਾ ਝਟਕਾ ਮਿਲਿਆ । ਬੇਅਰਸਟੋ ਨੇ 43 ਗੇਂਦਾਂ ‘ਤੇ 61 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 2 ਛੱਕੇ ਲਗਾਏ।
ਬੇਅਰਸਟੋ ਨੂੰ ਚਾਹਲ ਨੇ ਆਊਟ ਕੀਤਾ। ਜਿਸ ਤੋਂ ਬਾਅਦ ਇਸਦੀ ਅਗਲੀ ਹੀ ਗੇਂਦ ‘ਤੇ ਚਾਹਲ ਨੇ ਵਿਜੇ ਸ਼ੰਕਰ ਨੂੰ ਬੋਲਡ ਕਰ ਦਿੱਤਾ । ਹਾਲਾਂਕਿ ਇਸ ਤੋਂ ਬਾਅਦ ਚਾਹਲ ਦੀ ਨਜ਼ਰ ਹੈਟ੍ਰਿਕ ‘ਤੇ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਉਸਦੀ ਹੈਟ੍ਰਿਕ ਗੇਂਦ ‘ਤੇ ਅਭਿਸ਼ੇਕ ਸ਼ਰਮਾ ਨੇ ਸੰਭਲ ਕੇ ਖੇਡਦੇ ਹੋਏ ਇੱਕ ਸਿੰਗਲ ਲਿਆ। ਬੇਅਰਸਟੋ ਅਤੇ ਫਿਰ ਸ਼ੰਕਰ ਦੇ ਆਊਟ ਹੋਣ ਤੋਂ ਬਾਅਦ ਹੈਦਰਾਬਾਦ ਦੀ ਟੀਮ ਟੁੱਟ ਗਈ। ਇਸ ਝਟਕੇ ਤੋਂ ਬਾਅਦ ਸਿਰਫ ਪ੍ਰਿਯਮ ਗਰਗ ਹੀ ਅਜਿਹਾ ਬੱਲੇਬਾਜ਼ ਸੀ, ਜੋ ਦਸ ਦੇ ਅੰਕੜੇ ਨੂੰ ਛੂਹ ਸਕਦਾ ਸੀ। ਮਨੀਸ਼ ਪਾਂਡੇ, ਬੇਅਰਸਟੋ ਅਤੇ ਗਰਗ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 9 ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਆਈਪੀਐਲ ਵਿੱਚ ਆਪਣਾ ਪਹਿਲਾ ਮੈਚ ਖੇਡਦਿਆਂ ਸਲਾਮੀ ਬੱਲੇਬਾਜ਼ ਦੇਵਦੱਤ ਪਦਿਕਲ ਨੇ ਐਰੋਨ ਫਿੰਚ ਨਾਲ 90 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ । ਉਸਨੇ 42 ਗੇਂਦਾਂ ਵਿੱਚ 8 ਚੌਕਿਆਂ ਦੀ ਮਦਦ ਨਾਲ 56 ਦੌੜਾਂ ਦੀ ਪਾਰੀ ਖੇਡ ਕੇ ਟੀਮ ਵਿੱਚ ਆਪਣੀ ਚੋਣ ਸਹੀ ਸਾਬਿਤ ਕੀਤੀ। ਹਾਲਾਂਕਿ ਫਿੰਚ 29 ਦੌੜਾਂ ਹੀ ਬਣਾ ਸਕੇ।