Rishabh Pant breaks MS Dhoni record: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਬ੍ਰਿਸਬੇਨ ਟੈਸਟ ਵਿੱਚ ਇੱਕ ਖਾਸ ਰਿਕਾਰਡ ਬਣਾਇਆ ਹੈ । ਪੰਤ ਸਭ ਤੋਂ ਘੱਟ ਪਾਰੀਆਂ ਵਿੱਚ 1000 ਦੌੜਾਂ ਬਣਾਉਣ ਵਾਲੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ । 23 ਸਾਲਾਂ ਪੰਤ ਨੇ ਚੌਥੇ ਟੈਸਟ ਦੇ ਆਖਰੀ ਦਿਨ ਪੈਟ ਕਮਿੰਸ ਦੀ ਗੇਂਦ ‘ਤੇ 2 ਦੌੜਾਂ ਦੀ ਮਦਦ ਨਾਲ ਆਪਣੇ ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕੀਤੀਆਂ ।ਉਨ੍ਹਾਂ ਨੂੰ ਆਪਣੇ ਹਜ਼ਾਰ ਦੌੜਾਂ ਦੇ ਅੰਕੜੇ ਨੂੰ ਛੂਹਣ ਲਈ ਸਿਰਫ ਇੱਕ ਦੌੜ ਦੀ ਲੋੜ ਸੀ।
ਰਿਸ਼ਭ ਪੰਤ ਨੇ ਵਿਕਟਕੀਪਰ ਵਜੋਂ 27 ਪਾਰੀਆਂ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਹਨ । ਪੰਤ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ । ਜ਼ਿਕਰਯੋਗ ਹੈ ਕਿ ਧੋਨੀ ਨੇ ਬਤੌਰ ਵਿਕਟਕੀਪਰ ਬੱਲੇਬਾਜ਼ 32 ਪਾਰੀਆਂ ਵਿੱਚ 1000 ਦੌੜਾਂ ਬਣਾਈਆਂ ਸਨ । ਸਾਬਕਾ ਭਾਰਤੀ ਵਿਕਟਕੀਪਰ ਫਾਰੂਕ ਇੰਜੀਨੀਅਰ ਨੇ 36 ਪਾਰੀਆਂ ਵਿੱਚ1000 ਦੌੜਾਂ ਬਣਾਈਆਂ ਸਨ।
ਦੱਸ ਦੇਈਏ ਕਿ ਪੰਤ ਦੀ ਸਾਥੀ ਵਿਕਟਕੀਪਰ ਰਿਧੀਮਾਨ ਸਾਹਾ 37 ਪਾਰੀਆਂ ਖੇਡ ਕੇ 1000 ਦੌੜਾਂ ਤੱਕ ਪਹੁੰਚੇ ਸਨ, ਜਦੋਂ ਕਿ ਨਯਨ ਮੋਂਗੀਆ ਨੇ 39ਵੀਂ ਪਾਰੀ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕੀਤੀਆਂ ਸਨ । ਪੰਤ ਨੇ ਆਪਣੇ ਟੈਸਟ ਕਰੀਅਰ ਵਿੱਚ ਹੁਣ ਤੱਕ 2 ਸੈਂਕੜੇ ਤੇ 3 ਅਰਧ ਸੈਂਕੜੇ ਬਣਾਏ ਹਨ। ਪੰਤ ਦਾ ਸਭ ਤੋਂ ਉੱਚ ਸਕੋਰ ਨਾਬਾਦ 159 ਦੌੜਾਂ ਰਿਹਾ ਹੈ, ਜੋ ਉਸਨੇ ਪਿਛਲੇ ਆਸਟ੍ਰੇਲੀਆਈ ਦੌਰੇ ‘ਤੇ ਸਿਡਨੀ ਵਿੱਚ ਬਣਾਈਆਂ ਸਨ।