ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਐਤਵਾਰ ਯਾਨੀ ਕਿ 30 ਅਪ੍ਰੈਲ ਨੂੰ 36 ਸਾਲ ਦੇ ਹੋ ਗਏ ਹਨ । ਅੰਤਰਰਾਸ਼ਟਰੀ ਕ੍ਰਿਕਟ ਵਿੱਚ 17 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਹਿਟਮੈਨ ਨੇ ਜੂਨ 2007 ਵਿੱਚ ਪਹਿਲਾ ਵਨਡੇ ਖੇਡਿਆ ਸੀ । ਉਸੇ ਸਾਲ ਰੋਹਿਤ ਨੂੰ ਸਤੰਬਰ ਵਿੱਚ ਟੀ-20 ਇੰਟਰਨੈਸ਼ਨਲ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ । ਹਾਲਾਂਕਿ ਰੋਹਿਤ ਨੂੰ ਟੈਸਟ ਮੈਚ ਖੇਡਣ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ । 2013 ਵਿੱਚ ਪਹਿਲਾ ਟੈਸਟ ਖੇਡਣ ਵਾਲਾ ਇਹ ਖਿਡਾਰੀ ਅੱਜ ਨਾ ਸਿਰਫ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ, ਸਗੋਂ ਤਿੰਨਾਂ ਫਾਰਮੈਟਾਂ ਵਿੱਚ ਟੀਮ ਇੰਡੀਆ ਦਾ ਕਪਤਾਨ ਹੈ।
ਰੋਹਿਤ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਏਸ਼ੀਆ ਕੱਪ ਜਿੱਤ ਚੁੱਕੀ ਹੈ। ਹੁਣ ਜੂਨ ਵਿੱਚ ਉਨ੍ਹਾਂ ਦੇ ਨਿਸ਼ਾਨੇ ‘ਤੇ ਟੈਸਟ ਦਾ ਸਭ ਤੋਂ ਵੱਡਾ ਟੈਸਟ ਟੂਰਨਾਮੈਂਟ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਹੈ । ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਆਈ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ । ਜੇਕਰ ਭਾਰਤੀ ਟੀਮ ਕੰਗਾਰੂਆਂ ਨੂੰ ਹਰਾ ਕੇ ਟੈਸਟ ਚੈਂਪੀਅਨਸ਼ਿਪ ਜਿੱਤ ਲੈਂਦੀ ਹੈ ਤਾਂ ਰੋਹਿਤ ਦੇ ਖਾਤੇ ਵਿੱਚ ਇੱਕ ਹੋਰ ਵੱਡੀ ਉਪਲਬਧੀ ਜੁੜ ਜਾਵੇਗੀ । ਭਾਰਤ ਨੇ 2013 ਤੋਂ ਬਾਅਦ ICC ਟਰਾਫੀ ਨਹੀਂ ਜਿੱਤੀ ਹੈ। ਪਿਛਲੇ ਸਾਲ ਰੋਹਿਤ ਦੀ ਕਪਤਾਨੀ ਵਿੱਚ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਹਾਰ ਗਈ ਸੀ।
ਇਹ ਵੀ ਪੜ੍ਹੋ: ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ
ਵਨਡੇ ‘ਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲਾ ਇਕਲੌਤਾ ਖਿਡਾਰੀ
ਰੋਹਿਤ ਸ਼ਰਮਾ ਵਨਡੇ ਕ੍ਰਿਕਟ ਵਿੱਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਰੋਹਿਤ ਨੇ 2013 ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਬੈਂਗਲੁਰੂ ਵਿੱਚ 209 ਦੌੜਾਂ ਬਣਾਈਆਂ ਸਨ । ਇਸ ਤੋਂ ਬਾਅਦ 2014 ਵਿੱਚ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਸ਼੍ਰੀਲੰਕਾ ਖਿਲਾਫ਼ 264 ਦੌੜਾਂ ਦੀ ਪਾਰੀ ਖੇਡੀ ਸੀ । ਉੱਥੇ ਹੀ, 2017 ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਮੋਹਾਲੀ ਵਿੱਚ ਨਾਬਾਦ 208 ਦੌੜਾਂ ਦੀ ਪਾਰੀ ਖੇਡੀ ਸੀ।
ਟੀ-20 ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਖਿਡਾਰੀ
ਰੋਹਿਤ ਸ਼ਰਮਾ ਦੇ ਨਾਮ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਚਾਰ ਸੈਂਕੜੇ ਹਨ । ਉਹ ਇਸ ਫਾਰਮੈਟ ਵਿੱਚ ਚਾਰ ਸੈਂਕੜੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ । ਹਿਟਮੈਨ ਨੇ 2015 ਵਿੱਚ ਧਰਮਸ਼ਾਲਾ ਵਿੱਚ ਦੱਖਣੀ ਅਫਰੀਕਾ ਖਿਲਾਫ਼ 106 ਦੌੜਾਂ ਬਣਾਈਆਂ ਸਨ । ਇਸ ਤੋਂ ਬਾਅਦ 2017 ਵਿੱਚ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ਼ ਇੰਦੌਰ ਵਿੱਚ 118 ਦੌੜਾਂ ਦੀ ਪਾਰੀ ਖੇਡੀ ਸੀ । 2018 ਵਿੱਚ ਬ੍ਰਿਸਟਲ ਵਿੱਚ ਇੰਗਲੈਂਡ ਦੇ ਖਿਲਾਫ਼ ਨਾਬਾਦ 100 ਅਤੇ ਉਸੇ ਸਾਲ ਵੈਸਟਇੰਡੀਜ਼ ਖਿਲਾਫ਼ ਲਖਨਊ ਵਿੱਚ ਨਾਬਾਦ 111 ਦੌੜਾਂ ਬਣਾਈਆਂ ਸਨ ।
ਵਿਸ਼ਵ ਕੱਪ ‘ਚ ਸਭ ਤੋਂ ਵੱਧ ਸੈਂਕੜੇ
ਰੋਹਿਤ ਸ਼ਰਮਾ ਇੱਕ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਹਨ । ਰੋਹਿਤ ਨੇ 2019 ਵਿਸ਼ਵ ਕੱਪ ਵਿੱਚ ਪੰਜ ਸੈਂਕੜੇ ਲਗਾਏ ਸਨ । ਰੋਹਿਤ ਨੇ ਦੱਖਣੀ ਅਫ਼ਰੀਕਾ ਖਿਲਾਫ਼ ਸਾਊਥੈਂਪਟਨ ਵਿੱਚ ਨਾਬਾਦ 122, ਮੈਨਚੇਸਟਰ ਵਿੱਚ ਪਾਕਿਸਤਾਨ ਖਿਲਾਫ 140, ਬਰਮਿੰਘਮ ਵਿੱਚ ਇੰਗਲੈਂਡ ਖਿਲਾਫ਼ 102, ਬਰਮਿੰਘਮ ਵਿੱਚ ਬੰਗਲਾਦੇਸ਼ ਖਿਲਾਫ਼ 104 ਅਤੇ ਲੀਡਸ ਵਿੱਚ ਸ਼੍ਰੀਲੰਕਾ ਖਿਲਾਫ਼103 ਦੌੜਾਂ ਬਣਾਈਆਂ ਸਨ । ਹਾਲਾਂਕਿ ਉਸ ਦੇ ਪੰਜ ਸੈਂਕੜਿਆਂ ਦੇ ਬਾਵਜੂਦ ਟੀਮ ਇੰਡੀਆ ਵਿਸ਼ਵ ਕੱਪ ਨਹੀਂ ਜਿੱਤ ਸਕੀ ਸੀ । ਉਹ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਗਈ ਸੀ।
ਸਭ ਤੋਂ ਵੱਧ IPL ਜਿੱਤਣ ਵਾਲੇ ਕਪਤਾਨ
ਰੋਹਿਤ ਸ਼ਰਮਾ ਸਭ ਤੋਂ ਵੱਧ ਆਈਪੀਐਲ ਜਿੱਤਣ ਵਾਲੇ ਕਪਤਾਨ ਹਨ । ਉਨ੍ਹਾਂ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਪੰਜ ਵਾਰ ਚੈਂਪੀਅਨ ਬਣੀ ਹੈ। ਰੋਹਿਤ ਨੇ ਆਪਣੀ ਕਪਤਾਨੀ ਵਿੱਚ 2013, 2015, 2017, 2019 ਅਤੇ 2020 ਵਿੱਚ ਮੁੰਬਈ ਨੂੰ ਚੈਂਪੀਅਨ ਬਣਾਇਆ । ਉਨ੍ਹਾਂ ਤੋਂ ਬਾਅਦ ਤਜਰਬੇਕਾਰ ਮਹਿੰਦਰ ਸਿੰਘ ਧੋਨੀ ਦੂਜੇ ਸਥਾਨ ‘ਤੇ ਹਨ। ਧੋਨੀ ਦੀ ਕਪਤਾਨੀ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ 2010, 2011, 2018 ਅਤੇ 2021 ਵਿੱਚ ਜੇਤੂ ਬਣੀ ਸੀ।
ਵੀਡੀਓ ਲਈ ਕਲਿੱਕ ਕਰੋ -: