ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਟੀਮ ਇੰਡੀਆ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਟੈਸਟ ਸੀਰੀਜ਼ ਨੂੰ 1-2 ਨਾਲ ਗੁਆਉਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਵਨਡੇ ਸੀਰੀਜ਼ ਵਿੱਚ ਹਾਰ ਦਾ ਸਿਲਸਿਲਾ ਖਤਮ ਹੋ ਜਾਵੇਗਾ, ਪਰ ਪਹਿਲੇ ਹੀ ਮੈਚ ਵਿੱਚ ਭਾਰਤੀ ਟੀਮ ਦੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵੇਂ ਹੀ ਫ਼ੇਲ੍ਹ ਦਿਖਾਈ ਦਿੱਤੀਆਂ । ਦੱਖਣੀ ਅਫਰੀਕਾ ਵੱਲੋਂ ਦਿੱਤੇ ਗਏ 297 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨਾਕਾਮ ਰਹੀ ਅਤੇ 31 ਦੌੜਾਂ ਨਾਲ ਮੈਚ ਹਾਰ ਗਈ।
ਜੇਕਰ ਇੱਥੇ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਟੀਮ ਇੰਡੀਆ ਲਈ ਸ਼ਿਖਰ ਧਵਨ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ 51 ਦੌੜਾਂ ਬਣਾ ਕੇ ਆਊਟ ਹੋ ਗਏ। ਦੋਵਾਂ ਖਿਡਾਰੀਆਂ ਵਿਚਾਲੇ 92 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਸ਼ਿਖਰ ਧਵਨ ਦੇ ਆਊਟ ਹੁੰਦੇ ਹੀ ਟੀਮ ਇੰਡੀਆ ਦੀ ਲੈਅ ਵਿਗੜ ਗਈ ਅਤੇ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਦੀਆਂ ਰਹੀਆਂ ।
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਨੇ 17 ਉਮੀਦਵਾਰਾਂ ਦੀ ਤੀਸਰੀ ਸੂਚੀ ਕੀਤੀ ਜਾਰੀ, ਹੁਣ ਤੱਕ ਐਲਾਨੇ 47
ਵਿਰਾਟ ਕੋਹਲੀ ਵੀ ਆਊਟ ਹੋਣ ਤੋਂ ਪਹਿਲਾਂ ਰੰਗ ਵਿੱਚ ਨਜ਼ਰ ਆਏ ਪਰ ਉਹ ਇੱਕ ਵਾਰ ਫਿਰ ਸੈਂਕੜਾ ਬਣਾਉਣ ਤੋਂ ਖੁੰਝ ਗਏ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਕਪਤਾਨ ਕੇਐਲ ਰਾਹੁਲ (12 ਦੌੜਾਂ), ਰਿਸ਼ਭ ਪੰਤ (16 ਦੌੜਾਂ), ਸ਼੍ਰੇਅਸ ਅਈਅਰ (17 ਦੌੜਾਂ), ਵੈਂਕਟੇਸ਼ ਅਈਅਰ (2 ਦੌੜਾਂ) ਬਣਾ ਕੇ ਨਾਕਾਮ ਸਾਬਿਤ ਹੋਏ । ਅੰਤ ਵਿੱਚ ਸ਼ਾਰਦੁਲ ਠਾਕੁਰ ਨੇ ਆਪਣੇ ਦਮ ‘ਤੇ ਕੁਝ ਜ਼ੋਰ ਲਗਾਉਣ ਦੀ ਕੋਸ਼ਿਸ਼ ਕੀਤੀ । ਸ਼ਾਰਦੁਲ ਨੇ 43 ਗੇਂਦਾਂ ‘ਤੇ 50 ਦੌੜਾਂ ਦੀ ਪਾਰੀ ਖੇਡੀ, ਜਿਸ ਦੌਰਾਨ ਉਸ ਨੇ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ। ਪਰ ਸ਼ਾਰਦੁਲ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ੀ ਵੀ ਨਾਕਾਮ ਰਹੀ। ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਨੂੰ ਬਿਹਤਰੀਨ ਸ਼ੁਰੂਆਤ ਦਿਵਾਈ ਸੀ, ਪਰ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਹਥਿਆਰ ਸੁੱਟ ਦਿੱਤੇ । ਸ਼ੁਰੂਆਤ ਵਿੱਚ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ 68 ਦੌੜਾਂ ‘ਤੇ ਡਿੱਗ ਗਈਆਂ ਸਨ, ਪਰ ਇਸ ਤੋਂ ਬਾਅਦ ਤੇਂਬਾ ਬਾਵੁਮਾ (110), ਰਸੀ ਡੁਸੇਨ (129) ਵਿਚਾਲੇ ਅਜਿਹੀ ਸਾਂਝੇਦਾਰੀ ਹੋਈ ਕਿ ਟੀਮ ਇੰਡੀਆ ਦੇ ਗੇਂਦਬਾਜ਼ ਪਾਣੀ ਮੰਗਦੇ ਨਜ਼ਰ ਆਏ । ਦੋਵਾਂ ਖਿਡਾਰੀਆਂ ਨੇ ਸੈਂਕੜਾ ਜੜਿਆ ਅਤੇ 184 ਗੇਂਦਾਂ ਵਿੱਚ 204 ਦੌੜਾਂ ਦੀ ਸਾਂਝੇਦਾਰੀ ਕੀਤੀ । ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਨੇ 2 ਅਤੇ ਰਵੀਚੰਦਰਨ ਅਸ਼ਵਿਨ ਨੇ 1 ਵਿਕਟ ਲਈ, ਜਦਕਿ ਇੱਕ ਵਿਕਟ ਰਨ ਆਊਟ ਕਰਕੇ ਮਿਲੀ । ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ ਅਤੇ ਸ਼ਾਰਦੁਲ ਠਾਕੁਰ ਨੂੰ ਇੱਕ ਵੀ ਵਿਕਟ ਨਹੀਂ ਮਿਲੀ ਜਦਕਿ ਤਿੰਨਾਂ ਨੇ ਦੌੜਾਂ ਲੁਟਾ ਦਿੱਤੀਆਂ । ਜਿਸ ਕਾਰਨ ਭਾਰਤ ਨੇ ਇਹ ਮੈਚ ਗੁਆ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: