ਚੇਨਈ ਦੇ ਐਕਸਪ੍ਰੈਸ ਐਵੇਨਿਊ ਮਾਲ ਵਿਚ ਖੇਡੇ ਗਏ Squash World Cup ਦੇ ਫਾਈਨਲ ਵਿਚ ਭਾਰਤੀ ਮਿਕਸਡ ਟੀਮ ਨੇ ਹਾਂਗਕਾਂਗ ਨੂੰ 3-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਇਹ ਮਿਕਸਡ ਟੀਮ ਈਵੈਂਟ ਵਿਚ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 2023 ਵਿਚ ਕਾਂਸੇ ਦਾ ਤਮਗਾ ਰਿਹਾ ਸੀ। ਇਸ ਟੂਰਨਾਮੈਂਟ ਵਿਚ 12 ਟੀਮਾਂ ਨੇ ਸ਼ਾਰਟ ਤੇ ਫਾਸਟ ਫਾਰਮੇਟ ਵਿਚ ਹਿੱਸਾ ਲਿਆ। ਭਾਰਤ ਨੇ ਸੈਮੀਫਾਈਨਲ ਵਿਚ ਮਜ਼ਬੂਤ ਮੰਨੀ ਜਾਣ ਵਾਲੀ ਮਿਸਰ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਫਾਈਨਲ ਮੁਕਾਬਲੇ ਵਿਚ ਭਾਰਤੀ ਖਿਡਾਰੀਆਂ ਦਾ ਦਬਦਬਾ ਸ਼ੁਰੂ ਤੋਂ ਅੰਤ ਤੱਕ ਬਣਿਆ ਰਿਹਾ।
ਭਾਰਤੀ ਟੀਮ ਦੀ ਅਗਵਾਈ ਦਿੱਗਜ਼ ਖਿਡਾਰੀ ਜੋਸ਼ਨ ਚਿਨੱਪਾ ਨੇ ਕੀਤੀ। ਫਾਈਨਲ ਦੇ ਪਹਿਲੇ ਮੁਕਾਬਲੇ ਵਿਚ ਜੋਸ਼ਨਾ ਨੇ ਹਾਂਗਕਾਂਗ ਦੀ ਯੀ ਲੀ ਨੂੰ 3-1 ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ। ਇਸ ਦੇ ਬਾਅਦ ਅਭੈ ਸਿੰਘ ਨੇ ਅਲੈਕਸ ਲਾਊ ਨੂੰ 3-0 ਨਾਲ ਮਾਤ ਦਿੱਤੀ। ਫੈਸਲਾਕੁੰਨ ਮੁਕਾਬਲੇ ਵਿਚ 17 ਸਾਲ ਦੀ ਅਨਾਹਤ ਸਿੰਘ ਨੇ ਟੋਮੇਟੋ ਹੋ ਨੂੰ 3-0 ਨਾਲ ਹਰਾ ਕੇ ਭਾਰਤ ਦੀ ਇਤਿਹਾਸਕ ਜਿੱਤ ਪੱਕੀ ਕਰ ਦਿੱਤੀ।
ਭਾਰਤੀ ਟੀਮ ਵਿਚ ਜੋਸ਼ਨਾ ਚਿਨੱਪਾ, ਅਭੈ ਸਿੰਘ, ਲੇਵਾਲਨ ਸੇਂਥਿਲਕੁਮਾਰ ਤੇ ਅਨਾਹਤ ਸਿੰਘ ਸ਼ਾਮਲ ਸਨ। ਮੁਕਾਬਲੇ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਐਕਸਪ੍ਰੈਸ ਐਵੇਨਿਊ ਮਾਲ ਵਿਚ ਮੌਜੂਦ ਰਹੇ। ਪ੍ਰਧਾਨ ਮੰਤਰੀ ਨੇ Squash World Cup ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਪਹਿਲੀ ਵਾਰ Squash World Cup ਜਿੱਤ ਕੇ ਭਾਰਤੀ ਟੀਮ ਨੇ ਇਤਿਹਾਸ ਰਚਿਆ ਹੈ ਉਨ੍ਹਾਂ ਨੇ ਜੋਸ਼ਨਾ ਚਿਨੱਪਾ, ਅਭੈ ਸਿੰਘ, ਵੇਲਾਵਨ ਸੇਂਥਿਲ ਕੁਮਾਰ ਤੇ ਅਨਾਹਤ ਸਿੰਘ ਦੀ ਮਿਹਨਤ, ਸਮਰਪਣ ਤੇ ਦ੍ਰਿੜ੍ਹ ਨਿਸ਼ਚੈ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਜਿੱਤ ਦੇਸ਼ ਦੇ ਨੌਜਵਾਨਾਂ ਵਿਚ ਸਕਵੈਸ਼ ਦੀ ਲੋਕਪ੍ਰਿਯਤਾ ਵਧਾਏਗੀ। Squash ਨੂੰ 2028 ਲਾਸ ਏਂਜਲਸ ਓਲੰਪਿਕ ਵਿਚ ਪਹਿਲੀ ਵਾਰ ਸ਼ਾਮਲ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਇਹ ਜਿੱਤ ਨੌਜਵਾਨ ਖਿਡਾਰੀਆਂ ਅਨਾਹਤ ਸਿੰਘ ਤੇ ਅਭੈ ਸਿੰਘ ਦੇ ਨਾਲ-ਨਾਲ ਭਾਰਤੀ ਸਕਵੈਸ਼ ਲਈ ਵੀ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।






















