SRH vs RCB IPL 2021: ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ ਛੇਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ । ਇਹ ਬੈਂਗਲੁਰੂ ਦੀ ਲਗਾਤਾਰ ਦੂਜੀ ਜਿੱਤ ਹੈ। ਆਰਸੀਬੀ ਨੇ ਪਹਿਲਾਂ ਖੇਡਦਿਆਂ ਹੋਇਆ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 149 ਦੌੜਾਂ ਬਣਾਈਆਂ ਸਨ । ਇਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਸਿਰਫ 143 ਦੌੜਾਂ ਹੀ ਬਣਾ ਸਕੀ । ਯੁਵਾ ਸਪਿਨਰ ਸ਼ਾਹਬਾਜ਼ ਅਹਿਮਦ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਇਸ ਜਿੱਤ ਦੇ ਹੀਰੋ ਰਹੇ । ਉਨ੍ਹਾਂ ਨੇ ਇੱਕ ਓਵਰ ਵਿੱਚ ਮੈਚ ਆਰਸੀਬੀ ਦੀ ਝੋਲੀ ਵਿੱਚ ਪਾ ਦਿੱਤਾ । ਸ਼ਾਹਬਾਜ਼ ਨੇ ਦੋ ਓਵਰਾਂ ਵਿੱਚ ਸੱਤ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਉਸਨੇ ਇੱਕ ਓਵਰ ਵਿੱਚ ਬੇਅਰਸਟੋ, ਮਨੀਸ਼ ਪਾਂਡੇ ਅਤੇ ਅਬਦੁੱਲ ਸਮਦ ਨੂੰ ਆਊਟ ਕੀਤਾ ।
ਦਰਅਸਲ, ਬੈਂਗਲੁਰੂ ਤੋਂ ਮਿਲੇ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ਵਿੱਚ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ । ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ ਇੱਕ ਦੌੜ ਬਣਾ ਕੇ ਆਊਟ ਹੋ ਗਿਆ । ਮੁਹੰਮਦ ਸਿਰਾਜ ਨੇ ਉਸਨੂੰ ਆਪਣਾ ਸ਼ਿਕਾਰ ਬਣਾਇਆ । ਹਾਲਾਂਕਿ, ਇਸਦੇ ਬਾਅਦ ਡੇਵਿਡ ਵਾਰਨਰ ਨੇ ਆਰਸੀਬੀ ਗੇਂਦਬਾਜ਼ਾਂ ਨੂੰ ਆਡੇ ਹੱਥੀਂ ਲਿਆ। ਵਾਰਨਰ ਨੇ 37 ਗੇਂਦਾਂ ਵਿੱਚ 54 ਦੌੜਾਂ ਦੀ ਪਾਰੀ ਖੇਡੀ । ਇਸ ਦੌਰਾਨ ਉਸਨੇ ਸੱਤ ਚੌਕੇ ਅਤੇ ਇੱਕ ਛੱਕਾ ਜੜਿਆ । ਉਸਨੇ ਮਨੀਸ਼ ਪਾਂਡੇ (39 ਗੇਂਦਾਂ 38 ਦੌੜਾਂ) ਨਾਲ ਦੂਸਰੀ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ । ਜਦੋਂ ਵਾਰਨਰ ਆਊਟ ਹੋਇਆ ਤਾਂ ਹੈਦਰਾਬਾਦ ਦਾ ਸਕੋਰ 13.2 ਓਵਰਾਂ ਵਿੱਚ 96 ਦੌੜਾਂ ਸੀ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਕੋਰੋਨਾ ਨੂੰ ਮਾਤ ਦੇ ਕੇ ਟੀਮ ਵਿੱਚ ਵਾਪਸੀ ਕਰਨ ਵਾਲੇ ਦੇਵਦੱਤ ਪਡਿਕਲ 13 ਗੇਂਦਾਂ ਵਿੱਚ ਸਿਰਫ 11 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ । ਉਸਨੂੰ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ । ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਨੌਜਵਾਨ ਸ਼ਾਹਬਾਜ਼ ਅਹਿਮਦ ਨੇ ਵੀ 10 ਗੇਂਦਾਂ ਵਿੱਚ ਇੱਕ ਛੱਕੇ ਦੀ ਮਦਦ ਨਾਲ 14 ਦੌੜਾਂ ਬਣਾ ਕੇ ਚਲਦੇ ਬਣੇ । ਹਾਲਾਂਕਿ, ਤੀਜੇ ਵਿਕਟ ਲਈ ਵਿਰਾਟ ਕੋਹਲੀ ਅਤੇ ਗਲੇਨ ਮੈਕਸਵੈਲ ਨੇ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ 29 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾ ਕੇ ਆਊਟ ਹੋ ਗਏ। ਉਸਨੂੰ ਜੇਸਨ ਹੋਲਡਰ ਨੇ ਆਪਣਾ ਸ਼ਿਕਾਰ ਬਣਾਇਆ।
ਉੱਥੇ ਹੀ ਦੂਜੇ ਪਾਸੇ ਹੈਦਰਾਬਾਦ ਲਈ ਆਲਰਾਊਂਡਰ ਜੇਸਨ ਹੋਲਡਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸਨੇ ਚਾਰ ਓਵਰਾਂ ਵਿੱਚ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਇਸ ਤੋਂ ਇਲਾਵਾ ਰਾਸ਼ਿਦ ਖਾਨ ਨੇ ਚਾਰ ਓਵਰਾਂ ਵਿੱਚ ਸਿਰਫ 18 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ । ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ, ਸ਼ਾਹਬਾਜ਼ ਨਦੀਮ ਅਤੇ ਟੀ ਨਟਰਾਜਨ ਨੂੰ ਇੱਕ-ਇੱਕ ਸਫਲਤਾ ਮਿਲੀ।