Sushil Kumar Look Out Notice : ਦਿੱਲੀ ਪੁਲਿਸ ਨੇ ਸੋਮਵਾਰ ਨੂੰ ਛਤਰਸਾਲ ਸਟੇਡੀਅਮ ਵਿੱਚ ਹੋਈ ਲੜਾਈ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ।
ਸੁਸ਼ੀਲ ਕੁਮਾਰ ਤੋਂ ਇਲਾਵਾ 20 ਹੋਰ ਮੁਲਜ਼ਮਾਂ ਦੀ ਵੀ ਇਸ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਹੈ। ਛਤਰਸਾਲ ਸਟੇਡੀਅਮ ਵਿੱਚ ਪਹਿਲਵਾਨਾਂ ਦੇ ਦੋ ਸਮੂਹਾਂ ਵਿਚਕਾਰ ਝੱਗੜਾ ਹੋ ਗਿਆ ਸੀ ਜਿਸ ਵਿੱਚ 23 ਸਾਲਾ ਸਾਗਰ ਰਾਣਾ ਦੀ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਇਹ ਝੜਪ ਮਾਡਲ ਟਾਊਨ ਖੇਤਰ ਵਿੱਚ ਇੱਕ ਫਲੈਟ ਖਾਲੀ ਕਰਵਾਉਣ ਲਈ ਹੋਈ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਜਿੰਗ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਅਤੇ ਲੰਡਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਦਾ ਨਾਮ ਵੀ ਕਤਲ ਕੇਸ ਵਿੱਚ ਦਰਜ ਹੈ। ਦਿੱਲੀ ਐਨਸੀਆਰ ਖੇਤਰ ਤੋਂ ਇਲਾਵਾ ਗੁਆਂਢੀ ਰਾਜਾਂ ਵਿੱਚ ਵੀ ਸੁਸ਼ੀਲ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੀੜਤਾਂ ਨੇ ਦੋਸ਼ ਲਾਇਆ ਹੈ ਕਿ ਸੁਸ਼ੀਲ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸੀ। ਇਹ ਘਟਨਾ ਮੰਗਲਵਾਰ ਅਤੇ ਬੁੱਧਵਾਰ ਨੂੰ ਵਿਚਕਾਰਲੀ ਰਾਤ ਛਤਰਸਾਲ ਸਟੇਡੀਅਮ ਵਿੱਚ ਵਾਪਰੀ ਸੀ, ਜਿਸ ਵਿੱਚ ਇੱਕ 23 ਸਾਲਾ ਪਹਿਲਵਾਨ ਦੀ ਦੂਜੇ ਪਹਿਲਵਾਨਾਂ ਦੁਆਰਾ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਮੌਤ ਹੋ ਗਈ ਸੀ। ਜਦਕਿ ਉਸਦੇ ਦੋ ਸਾਥੀ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ ਸੁਸ਼ੀਲ, ਅਜੈ, ਪ੍ਰਿੰਸ, ਸੋਨੂੰ, ਸਾਗਰ, ਅਮਿਤ ਅਤੇ ਹੋਰਨਾਂ ਵਿਚਕਾਰ ਪਾਰਕਿੰਗ ਏਰੀਆ ਵਿੱਚ ਲੜਾਈ ਹੋਈ।
ਇਸ ਤੋਂ ਬਾਅਦ, ਪੁਲਿਸ ਨੇ ਮਾਡਲ ਟਾਊਨ ਥਾਣੇ ਵਿਖੇ ਇੰਡੀਅਨ ਪੀਨਲ ਕੋਡ (ਆਈਪੀਸੀ) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਲਈ ਹੈ। ਫੁਟੇਜ ਦੇ ਅਧਾਰ ਤੇ ਬਹੁਤ ਸਾਰੇ ਲੋਕਾਂ ਦੀ ਪਛਾਣ ਵੀ ਕੀਤੀ ਗਈ ਹੈ। ਇਸ ਦੇ ਨਾਲ, ਪੀੜਤ ਲੋਕਾਂ ਦੇ ਬਿਆਨਾਂ ਅਤੇ ਪੁੱਛਗਿੱਛ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਸਾਹਮਣੇ ਆਈ ਹੈ। ਹੁਣ ਤੱਕ ਦੀ ਜਾਂਚ ਤੋਂ ਬਾਅਦ ਪੁਲਿਸ ਪਹਿਲਵਾਨ ਸੁਸ਼ੀਲ ਸਮੇਤ 20 ਲੋਕਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਦੇਖੋ : Lockdown ‘ਚ ਖੁੱਲ੍ਹਾ ਸੀ ਮਾਤਾ ਦਾ ਢਾਬਾ, ਰੇਡ ਪੈਣ ‘ਤੇ ਭੱਜੇ ਗਾਹਕ, ਮਾਲਕ ਨੂੰ ਚੁੱਕਿਆ ਪੁਲਿਸ ਨੇ