IPL 2021 ਵਿੱਚ ਲੀਗ ਕ੍ਰਿਕਟ ਦੇ ਰੋਮਾਂਚ ਦੇ ਬਾਅਦ ਅੱਜ ਤੋਂ ਟੀ-20 ਵਿੱਚ ਇੱਕ ਅੰਤਰਰਾਸ਼ਟਰੀ ਤੜਕਾ ਲੱਗਣ ਵਾਲਾ ਹੈ। ਅੱਜ ਤੋਂ ਕ੍ਰਿਕਟ ਦਾ ਟੀ-20 ਵਿਸ਼ਵ ਕੱਪ UAE ਅਤੇ ਓਮਾਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ।
ਟੂਰਨਾਮੈਂਟ ਵਿੱਚ ਸੁਪਰ 12 ਦੀਆਂ ਚਾਰ ਹੋਰ ਟੀਮਾਂ ਦਾ ਫੈਸਲਾ ਕਰਨ ਲਈ ਅੱਜ ਤੋਂ ਕੁਆਲੀਫਾਇਰ ਰਾਊਂਡ ਸ਼ੁਰੂ ਹੋ ਰਿਹਾ ਹੈ। ਅੱਜ ਇਸ ਦੌਰ ਦਾ ਪਹਿਲਾ ਮੈਚ ਓਮਾਨ ਅਤੇ ਪਾਪੁਆ ਨਿਊ ਗਿਨੀ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਓਮਾਨ ਕ੍ਰਿਕਟ ਅਕੈਡਮੀ ਗ੍ਰਾਊਂਡ ਵਿੱਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਸ਼ਾਮ 7.30 ਵਜੇ ਤੋਂ ਇਸੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਸਕਾਟਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ਕਤਲ ਮਾਮਲੇ ‘ਚ ਦੋ ਹੋਰ ਨਿਹੰਗਾਂ ਨੇ ਕੀਤਾ ਆਤਮ-ਸਮਰਪਣ
ਸੁਪਰ 12 ਵਿੱਚ ICC ਟੀ-20 ਰੈਂਕਿੰਗ ਦੇ ਆਧਾਰ ‘ਤੇ ਟੀਮ ਇੰਡੀਆ ਸਮੇਤ ਅੱਠ ਟੀਮਾਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਹਨ। ਜਦੋਂ ਕਿ ਚਾਰ ਹੋਰ ਟੀਮਾਂ ਦਾ ਫੈਸਲਾ ਅੱਠ ਟੀਮਾਂ ਦੇ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ ਕੁਆਲੀਫਾਇਰ ਰਾਊਂਡ ਰਾਹੀਂ ਕੀਤਾ ਜਾਵੇਗਾ। ਇਨ੍ਹਾਂ ਅੱਠ ਟੀਮਾਂ ਨੂੰ ਗਰੁੱਪ ਏ ਅਤੇ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਅੱਜ ਗਰੁੱਪ ਏ ਦੇ ਦੋਵੇਂ ਮੈਚ ਖੇਡੇ ਜਾਣੇ ਹਨ । ਉੱਥੇ ਹੀ ਦੂਜੇ ਪਾਸੇ ਕੱਲ੍ਹ ਗਰੁੱਪ ਬੀ ਵਿੱਚ ਆਇਰਲੈਂਡ ਦਾ ਸਾਹਮਣਾ ਨੀਦਰਲੈਂਡ ਅਤੇ ਸ਼੍ਰੀਲੰਕਾ ਦਾ ਮੁਕਾਬਲਾ ਨਾਮੀਬੀਆ ਨਾਲ ਹੋਵੇਗਾ। ਇਨ੍ਹਾਂ ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ 12 ਲਈ ਕੁਆਲੀਫਾਈ ਕਰਨਗੀਆਂ।
ਜ਼ਿਕਰਯੋਗ ਹੈ ਕਿ ਇਹ ਓਮਾਨ ਦਾ ਦੂਜਾ ਟੀ-20 ਵਿਸ਼ਵ ਕੱਪ ਹੈ। ਇਸ ਤੋਂ ਪਹਿਲਾਂ ਉਸ ਨੇ ਸਾਲ 2016 ਦੇ ਈਵੈਂਟ ਵਿੱਚ ਆਇਰਲੈਂਡ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ । ਜੀਸ਼ਾਨ ਮਕਸੂਦ ਵੱਲੋਂ ਟੀਮ ਦੀ ਅਗਵਾਈ ਕੀਤੀ ਜਾ ਰਹੀ ਹੈ । ਖਾਸ ਗੱਲ ਇਹ ਹੈ ਕਿ ਓਮਾਨ ਦੇ ਸਾਰੇ ਖਿਡਾਰੀ ਕ੍ਰਿਕਟ ਖੇਡਣ ਦੇ ਨਾਲ-ਨਾਲ ਪੂਰਾ ਸਮਾਂ ਨੌਕਰੀ ਵੀ ਕਰਦੇ ਹਨ। ਇਸ ਦੇ ਨਾਲ ਹੀ ਪਾਪੁਆ ਨਿਊ ਗਿਨੀ ਦੀ ਟੀਮ ਇਸ ਸਾਲ ਟੀ -20 ਵਿਸ਼ਵ ਕੱਪ ਵਿੱਚ ਇਸ ਸਾਲ ਆਪਣਾ ਡੈਬਿਊ ਕਰ ਰਹੀ ਹੈ।
ਇਹ ਵੀ ਪੜ੍ਹੋ: ਸ਼੍ਰੀਨਗਰ : ਗੋਲਗੱਪੇ ਵੇਚਣ ਵਾਲੇ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, 2 ਹਫਤਿਆਂ ‘ਚ 8ਵੀਂ ਵਾਰਦਾਤ
ਦੱਸ ਦੇਈਏ ਕਿ ਭਾਰਤ ਨੂੰ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ, ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੇ ਨਾਲ ਗਰੁੱਪ 2 ਵਿੱਚ ਰੱਖਿਆ ਗਿਆ ਹੈ। ਕੁਆਲੀਫਾਇਰ ਰਾਊਂਡ ਤੋਂ ਬਾਅਦ ਇਸ ਵਿੱਚ ਗਰੁੱਪ ਬੀ ਦੀ ਜੇਤੂ ਟੀਮ ਅਤੇ ਗਰੁੱਪ ਏ ਦੀ ਰਨਰ-ਅਪ ਟੀਮ ਸ਼ਾਮਿਲ ਹੋ ਜਾਵੇਗੀ। ਉੱਥੇ ਹੀ ਦੂਜੇ ਪਾਸੇ ਗਰੁੱਪ 1 ਵਿੱਚ ਵੈਸਟਇੰਡੀਜ਼, ਇੰਗਲੈਂਡ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸ਼ਾਮਿਲ ਹਨ। ਕੁਆਲੀਫਾਇਰ ਰਾਊਂਡ ਤੋਂ ਬਾਅਦ ਗਰੁੱਪ ਏ ਦੀ ਜੇਤੂ ਟੀਮ ਅਤੇ ਗਰੁੱਪ ਬੀ ਦੀ ਰਨਰ-ਅਪ ਟੀਮ ਵੀ ਸ਼ਾਮਿਲ ਹੋ ਜਾਵੇਗੀ।