ਬੀਸੀਸੀਆਈ ਨੇ ਮੰਗਲਵਾਰ ਨੂੰ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ 2025 ਲਈ ਟੀਮ ਇੰਡੀਆ ਦਾ ਐਲਾਨ ਕੀਤਾ। ਹਰਮਨਪ੍ਰੀਤ ਕੌਰ ਨੂੰ 15 ਮੈਂਬਰੀ ਟੀਮ ਦੀ ਕਮਾਨ ਸੌਂਪੀ ਗਈ ਹੈ। ਉਸ ਨੂੰ ਗੋਲਡਨ ਚਾਂਸ ਮਿਲਿਆ ਹੈ। ਉਹ ਪਹਿਲੀ ਵਾਰ 50 ਓਵਰਾਂ ਦੇ ਫਾਰਮੈਟ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਕਰੇਗੀ। ਓਪਨਰ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਟੂਰਨਾਮੈਂਟ 30 ਸਤੰਬਰ ਤੋਂ ਭਾਰਤ ਵਿਚ ਹੀ ਸ਼ੁਰੂ ਹੋਵੇਗਾ। ਭਾਰਤ ਨੇ ਹੁਣ ਤੱਕ ਮਹਿਲਾ ਵਨਡੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ।
ਨੀਤੂ ਡੇਵਿਡ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸਟਾਰ ਖਿਡਾਰੀ ਸ਼ੇਫਾਲੀ ਵਰਮਾ ਨੂੰ ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ। ਨੀਤੂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਟੀਮ ਵਧੀਆ ਖੇਡ ਰਹੀ ਹੈ। ਸਾਨੂੰ ਲੱਗਾ ਕਿ ਇਸ ਵਿੱਚ ਬਹੁਤ ਜ਼ਿਆਦਾ ਬਦਲਾਅ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸੇ ਲਈ ਸ਼ੇਫਾਲੀ ਟੀਮ ਵਿੱਚ ਨਹੀਂ ਹੈ। ਪਰ ਉਹ ਸਾਡੀ ਰਣਨੀਤੀ ਦਾ ਹਿੱਸਾ ਬਣੀ ਹੋਈ ਹੈ। ਟੌਪ ਆਰਡਰ ਬੱਲੇਬਾਜ਼ ਪ੍ਰਤੀਕਾ ਰਾਵਲ ਨੂੰ ਟੀਮ ਵਿੱਚ ਚੁਣਿਆ ਗਿਆ ਹੈ। ਉਸ ਨੇ ਪਿਛਲੇ 14 ਵਨਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਹਰਲੀਨ ਦਿਓਲ ਨੂੰ ਵੀ ਚੰਗੇ ਪ੍ਰਦਰਸ਼ਨ ਲਈ ਇਨਾਮ ਦਿੱਤਾ ਗਿਆ ਹੈ। ਸਿਲੈਕਟਰਸ ਨੇ ਕ੍ਰਾਂਤੀ ਗੌਡ ਅਤੇ ਸ਼੍ਰੀਚਰਣੀ ਨੂੰ ਵੀ ਚੁਣਿਆ ਹੈ, ਜਿਨ੍ਹਾਂ ਨੇ ਇੰਗਲੈਂਡ ਵਿੱਚ ਹਾਲ ਹੀ ਵਿੱਚ ਹੋਈ ਲੜੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਰੇਣੂਕਾ ਸਿੰਘ ਠਾਕੁਰ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰੇਗੀ। ਰੇਣੂਕਾ ਨੂੰ ਮਹਿਲਾ ਪ੍ਰੀਮੀਅਰ ਲੀਗ ਤੋਂ ਬਾਅਦ ਲੱਤ ਦੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਸੀ। ਉਹ ਸ਼੍ਰੀਲੰਕਾ ਵਿੱਚ ਹੋਈ ਲੜੀ ਵਿੱਚ ਵੀ ਨਹੀਂ ਖੇਡੀ। ਵਿਸ਼ਵ ਕੱਪ ਤੋਂ ਇਲਾਵਾ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਮਹਿਲਾ ਵਨਡੇ ਸੀਰੀਜ਼ ਲਈ ਵੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ।
ਵਿਸ਼ਵ ਕੱਪ ਅਤੇ ਆਸਟ੍ਰੇਲੀਆ ਲੜੀ ਲਈ ਟੀਮ ਵਿੱਚ ਸਿਰਫ ਇੱਕ ਬਦਲਾਅ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ੀ ਆਲਰਾਉਂਡਰ ਅਮਨਜੋਤ ਕੌਰ ਨੂੰ ਆਸਟ੍ਰੇਲੀਆ ਵਿਰੁੱਧ ਆਰਾਮ ਦਿੱਤਾ ਗਿਆ ਹੈ ਪਰ ਉਹ ਵਿਸ਼ਵ ਕੱਪ ਟੀਮ ਦਾ ਹਿੱਸਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 14 ਸਤੰਬਰ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਲੜੀ ਦੇ ਪਹਿਲੇ ਦੋ ਮੈਚ ਮੁੱਲਾਂਪੁਰ ਦੇ ਸਟੇਡੀਅਮ ਵਿੱਚ ਹੋਣਗੇ ਜਦੋਂ ਕਿ ਆਖਰੀ ਮੈਚ ਦਿੱਲੀ ਵਿੱਚ ਖੇਡਿਆ ਜਾਣਾ ਹੈ।
ਇਹ ਵੀ ਪੜ੍ਹੋ : ਸਿੰਗਰ ਬਾਦਸ਼ਾਹ ਨੂੰ ਅਦਾਲਤ ਨੇ ਦਿੱਤੇ 2.20 ਕਰੋੜ ਰੁ. ਜਮ੍ਹਾ ਕਰਾਉਣ ਦੇ ਹੁਕਮ, ਜਾਣੋ ਪੂਰਾ ਮਾਮਲਾ
ਮਹਿਲਾ ਵਨਡੇ ਵਿਸ਼ਵ ਕੱਪ 2025 ਲਈ ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਵੀਸੀ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼ (ਵਿਕਟਕੀਪਰ), ਕ੍ਰਾਂਤੀ ਗੌੜ, ਅਮਨਜੋਤ ਕੌਰ, ਰਾਧਾ ਯਾਦਵ, ਸ਼੍ਰੀ ਚਰਣੀ, ਯਾਸਤਿਕਾ ਭਾਟੀਆ (ਵਿਕਟਕੀਪਰ) ਅਤੇ ਸਨੇਹ ਰਾਣਾ।
ਆਸਟ੍ਰੇਲੀਆ ਵਨਡੇ ਸੀਰੀਜ਼ ਲਈ ਭਾਰਤੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼ (ਵਿਕਟਕੀਪਰ), ਕ੍ਰਾਂਤੀ ਗੌੜ, ਸਯਾਲੀ ਸਤਘਰੇ, ਰਾਧਾ ਯਾਦਵ, ਸ਼੍ਰੀ ਚਰਣੀ, ਯਾਸਤਿਕਾ ਭਾਟੀਆ (ਵਿਕਟਕੀਪਰ), ਸਨੇਹ ਰਾਣਾ।
ਵੀਡੀਓ ਲਈ ਕਲਿੱਕ ਕਰੋ -:
























