Team India play 100th test match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਮੈਲਬੌਰਨ ਵਿੱਚ 26 ਦਸੰਬਰ ਤੋਂ ਖੇਡਿਆ ਜਾਵੇਗਾ । ਐਡੀਲੇਡ ਟੈਸਟ ਜਿੱਤ ਕੇ ਕੰਗਾਰੂ ਟੀਮ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ । ਟੀਮ ਇੰਡੀਆ ਇਹ ਟੈਸਟ ਮੈਚ ਉਨ੍ਹਾਂ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਤੋਂ ਬਿਨ੍ਹਾਂ ਖੇਡੇਗੀ। ਦਰਅਸਲ, ਕੋਹਲੀ ਪੈਟਰਨਿਟੀ ਲੀਵ ਕਾਰਨ ਭਾਰਤ ਪਰਤ ਗਏ ਹਨ। ਜਿਸ ਕਾਰਨ ਹੁਣ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਹੋਏ ਦਿਖਾਈ ਦੇਣਗੇ । ਬਾਕਸਿੰਗ-ਡੇਅ ਟੈਸਟ ਮੈਚ ਵਿੱਚ ਆਸਟ੍ਰੇਲੀਆ ਖਿਲਾਫ ਮੈਦਾਨ ‘ਤੇ ਉਤਰੇਗੀ ਤਾਂ ਟੀਮ ਇੱਕ ਬੇਹੱਦ ਖਾਸ ਰਿਕਾਰਡ ਨੂੰ ਆਪਣੇ ਨਾਮ ਕਰੇਗੀ ।
ਭਾਰਤੀ ਟੀਮ ਮੈਲਬਰਨ ਵਿੱਚ ਆਸਟ੍ਰੇਲੀਆ ਖਿਲਾਫ਼ ਆਪਣਾ 100ਵਾਂ ਟੈਸਟ ਮੈਚ ਖੇਡੇਗੀ । ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਕੰਗਾਰੂ ਟੀਮ ਦੇ ਖਿਲਾਫ 99 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਟੀਮ ਨੇ 28 ਮੈਚ ਜਿੱਤੇ ਹਨ, ਜਦੋਂਕਿ 43 ਮੈਚ ਹਾਰੇ ਹਨ। ਭਾਰਤ ਦੇ ਟੈਸਟ ਇਤਿਹਾਸ ਵਿੱਚ ਆਸਟ੍ਰੇਲੀਆ ਅਜਿਹਾ ਦੂਜਾ ਦੇਸ਼ ਹੋਵੇਗਾ ਜਿਸ ਦੇ ਖਿਲਾਫ ਉਹ 100 ਟੈਸਟ ਮੈਚ ਪੂਰੇ ਕਰੇਗਾ । ਭਾਰਤ ਨੇ ਇੰਗਲੈਂਡ ਖਿਲਾਫ ਹੁਣ ਤੱਕ ਸਭ ਤੋਂ ਵੱਧ 122 ਟੈਸਟ ਮੈਚ ਖੇਡੇ ਹਨ। ਇਸ ਤੋਂ ਇਲਾਵਾ ਵੈਸਟਇੰਡੀਜ਼ ਖ਼ਿਲਾਫ਼ 98,ਪਾਕਿਸਤਾਨ ਖਿਲਾਫ 59, ਨਿਊਜ਼ੀਲੈਂਡ ਖ਼ਿਲਾਫ਼ 59, ਸ੍ਰੀਲੰਕਾ ਖ਼ਿਲਾਫ਼ 44, ਦੱਖਣੀ ਅਫ਼ਰੀਕਾ ਖਿਲਾਫ਼ 39, ਬੰਗਲਾਦੇਸ਼ ਖ਼ਿਲਾਫ਼ 11, ਜ਼ਿੰਬਾਬਵੇ ਖ਼ਿਲਾਫ਼ 11 ਅਤੇ ਅਫਗਾਨਿਸਤਾਨ ਖ਼ਿਲਾਫ਼ ਇੱਕ ਟੈਸਟ ਮੈਚ ਖੇਡਿਆ ਹੈ।
ਦੱਸ ਦੇਈਏ ਕਿ ਭਾਰਤ ਦੇ ਟੈਸਟ ਕੈਰੀਅਰ ਦੀ ਸ਼ੁਰੂਆਤ 1932 ਵਿੱਚ ਹੋਈ ਸੀ। ਭਾਰਤੀ ਟੀਮ ਨੇ ਹੁਣ ਤੱਕ ਕੁੱਲ 543 ਟੈਸਟ ਮੈਚ ਖੇਡ ਚੁੱਕੀ ਹੈ, ਜਿਨ੍ਹਾਂ ਵਿਚੋਂ ਉਸਨੇ 157 ਮੈਚ ਜਿੱਤੇ ਹਨ, ਜਦਕਿ 168 ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ ਤੇ ਜਦਕਿ ਇੱਕ ਮੈਚ ਟਾਈ ਰਿਹਾ ਅਤੇ 217 ਮੈਚ ਡਰਾਅ ਰਹੇ ਹਨ। ਆਸਟ੍ਰੇਲੀਆ ਦੇ ਟੈਸਟ ਇਤਿਹਾਸ ਵਿੱਚ ਭਾਰਤ ਤੀਜਾ ਦੇਸ਼ ਹੋਵੇਗਾ, ਜਿਸ ਦੇ ਖਿਲਾਫ ਉਹ 100 ਟੈਸਟ ਪੂਰੇ ਕਰੇਗਾ । ਆਸਟ੍ਰੇਲੀਆ ਨੇ ਇੰਗਲੈਂਡ ਖ਼ਿਲਾਫ਼ 351 ਅਤੇ ਵੈਸਟਇੰਡੀਜ਼ ਖ਼ਿਲਾਫ਼ 116 ਟੈਸਟ ਮੈਚ ਖੇਡੇ ਹਨ।
ਇਹ ਵੀ ਦੇਖੋ: ਦਿੱਲੀ ਮੋਰਚੇ ਦੀ ਸਟੇਜ਼ ਤੋਂ ਲਗਾਤਾਰ ਮੋਦੀ ਤੇ ਕੇਂਦਰ ਨੂੰ ਪੈਂਦੀ ਝਾੜ, Live ਤਸਵੀਰਾਂ…