ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਟੀਮ ਨੇ ਆਪਣੇ ਚੌਥੇ ਮੈਚ ਵਿੱਚ 2016 ਰਿਓ ਓਲੰਪਿਕ ਦੀ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ 3-1 ਨਾਲ ਹਰਾਇਆ। ਚਾਰ ਮੈਚਾਂ ਵਿੱਚ ਭਾਰਤੀ ਟੀਮ ਦੀ ਇਹ ਤੀਜੀ ਜਿੱਤ ਹੈ ।
ਟੀਮ ਨੂੰ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਖਿਲਾਫ ਜਿੱਤ ਹਾਸਿਲ ਕੀਤੀ ਹੈ। ਭਾਰਤ ਨੂੰ ਸਿਰਫ ਆਸਟ੍ਰੇਲੀਆ ਤੋਂ ਹਾਰ ਮਿਲੀ । ਟੀਮ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿੱਚ 30 ਜੁਲਾਈ ਨੂੰ ਮੇਜ਼ਬਾਨ ਜਪਾਨ ਨਾਲ ਭਿੜੇਗੀ।
ਦਰਅਸਲ, ਮੈਚ ਵਿੱਚ ਭਾਰਤ ਅਤੇ ਅਰਜਨਟੀਨਾ ਦੋਵਾਂ ਨੇ ਚੰਗੀ ਸ਼ੁਰੂਆਤ ਕੀਤੀ । ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋਇਆ। ਦੂਜੇ ਕੁਆਰਟਰ ਵਿੱਚ ਦੋਨੋਂ ਹੀ ਟੀਮਾਂ ਗੋਲ ਨਹੀਂ ਕਰ ਸਕੀਆਂ । ਅੱਧੇ ਸਮੇਂ ਤੱਕ ਸਕੋਰ 0-0 ਨਾਲ ਬਰਾਬਰ ਸੀ। ਦੋਵਾਂ ਹੀ ਟੀਮਾਂ ਨੇ ਪਹਿਲੇ 30 ਮਿੰਟਾਂ ਵਿੱਚ ਇੱਕ ਵੀ ਪੈਨਲਟੀ ਕਾਰਨਰ ਹਾਸਿਲ ਨਹੀਂ ਕੀਤੇ ਸੀ। ਵਰੁਣ ਕੁਮਾਰ ਨੇ 43ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।
ਇਸ ਤੋਂ ਬਾਅਦ ਅਰਜਨਟੀਨਾ ਨੇ ਚੌਥੇ ਕੁਆਰਟਰ ਵਿੱਚ ਵਾਪਸੀ ਕੀਤੀ। 48ਵੇਂ ਮਿੰਟ ਵਿੱਚ ਮਾਈਕੋ ਸਕੂਥ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰੀ ਕਰ ਦਿੱਤਾ । ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਇਆ । 58ਵੇਂ ਮਿੰਟ ਵਿੱਚ ਭਾਰਤ ਵੱਲੋਂ ਵਿਵੇਕ ਸਾਗਰ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ ।
ਫਿਰ 59ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਕਾਰਨਰ ‘ਤੇ ਗੋਲ ਕਰਕੇ ਟੀਮ ਨੂੰ 3-1 ਦੀ ਬੜ੍ਹਤ ਦਿਵਾਈ । ਇਸ ਮੁਕਾਬਲੇ ਵਿੱਚ ਭਾਰਤ ਨੂੰ ਕੁੱਲ 8 ਕਾਰਨਰ ਮਿਲੇ ਅਤੇ ਭਾਰਤ ਨੇ ਦੋ ਵਿੱਚ ਗੋਲ ਕੀਤੇ।
ਦੱਸ ਦੇਈਏ ਕਿ ਤੀਜੀ ਜਿੱਤ ਦੇ ਨਾਲ ਭਾਰਤੀ ਹਾਕੀ ਟੀਮ ਗਰੁੱਪ-ਏ ਵਿੱਚ 9 ਅੰਕਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਆਸਟ੍ਰੇਲੀਆ ਨੇ ਸਾਰੇ 4 ਮੈਚ ਜਿੱਤੇ ਹਨ ਅਤੇ 12 ਅੰਕਾਂ ਨਾਲ ਟੀਮ ਟਾਪ ‘ਤੇ ਹੈ । ਸਪੇਨ, ਨਿਊਜ਼ੀਲੈਂਡ ਅਤੇ ਅਰਜਨਟੀਨਾ ਦੇ 4 – 4 ਮੈਚਾਂ ਤੋਂ ਬਾਅਦ 4 – 4 ਅੰਕ ਹਨ। ਪਰ ਗੋਲ ਔਸਤ ਦੇ ਅਧਾਰ ‘ਤੇ ਸਪੇਨ ਤੀਜੇ, ਨਿਊਜ਼ੀਲੈਂਡ ਚੌਥੇ ਅਤੇ ਅਰਜਨਟੀਨਾ ਦੀ ਟੀਮ ਪੰਜਵੇਂ ਸਥਾਨ ‘ਤੇ ਹੈ । ਮੇਜ਼ਬਾਨ ਜਪਾਨ ਦਾ 4 ਮੈਚਾਂ ਵਿੱਚ 1 ਅੰਕ ਹੈ।
ਇਹ ਵੀ ਦੇਖੋ: Punjab ਦੇ ਇਸ ਪਿੰਡ ਨੇ ਜੁਗਾੜ ਲਾ ਪਾਈ ਗੰਦੇ ਪਾਣੀ ਤੋਂ ਨਿਜਾਤ, ਛੱਡ ਦਿੱਤੇ RO, ਜਾਂਦਾ ਲੱਗਾ ਕੈਂਸਰ ਵੀ