Virat Kohli becomes first batsman: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਉਹ ਟੀ-20 ਕੌਮਾਂਤਰੀ ਕ੍ਰਿਕਟ ਵਿੱਚ 3000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ । ਉਨ੍ਹਾਂ ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਟੀ-20 ਵਿੱਚ ਇਹ ਉਪਲਬਧੀ ਹਾਸਿਲ ਕੀਤੀ । ਕੋਹਲੀ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ 73 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਭਾਰਤ ਨੂੰ ਆਪਣੇ ਛੱਕੇ ਨਾਲ ਭਾਰਤ ਨੂੰ ਜਿੱਤ ਦਿਵਾਈ। ਗੌਰਤਲਬ ਹੈ ਕਿ ਵਿਰਾਟ ਨੇ 49 ਗੇਂਦਾਂ ਦੀ ਪਾਰੀ ਵਿੱਚ 5 ਚੌਕੇ ਅਤੇ 3 ਛੱਕੇ ਲਗਾਏ । ਭਾਰਤ ਨੇ ਇਸ ਮੈਚ ਵਿੱਚ ਸੱਤ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ।
ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-1 ਦੀ ਬਰਾਬਰੀ ਹਾਸਿਲ ਕਰ ਲਈ। ਇੰਗਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ । ਪਰ ਭਾਰਤ ਨੇ ਦੂਜੇ ਮੈਚ ਵਿੱਚ ਹੀ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲੇ ਮੈਚ ਦੀ ਹਾਰ ਦਾ ਬਦਲਾ ਲੈ ਲਿਆ।
ਦੱਸ ਦੇਈਏ ਕਿ ਇਸ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਦੇ ਟੀ-20 ਕੌਮਾਂਤਰੀ ਕ੍ਰਿਕਟ ਵਿੱਚ 2928 ਦੌੜਾਂ ਸਨ ਅਤੇ ਹੁਣ ਕੋਹਲੀ ਦੇ ਨਾਮ ਇਸ ਅੰਤਰਰਾਸ਼ਟਰੀ ਫਾਰਮੈਟ ਵਿੱਚ 3001 ਦੌੜਾਂ ਹਨ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੀ-20 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਨੇ ਟੀ-20 ਕ੍ਰਿਕਟ ਵਿੱਚ ਹੁਣ ਤੱਕ 26 ਅਰਧ ਸੈਂਕੜੇ ਲਗਾਏ ਹਨ, ਜਿਸ ਵਿੱਚ 84 ਛੱਕੇ ਸ਼ਾਮਿਲ ਹਨ।
ਇਸ ਦੇ ਨਾਲ ਹੀ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੀ-20 ਵਿੱਚ 2,839 ਦੌੜਾਂ ਬਣਾਈਆਂ ਹਨ । ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਟੀ-20 ਕੌਮਾਂਤਰੀ ਕ੍ਰਿਕਟ ਵਿੱਚ 2,773 ਦੌੜਾਂ ਨਾਲ ਤੀਜੇ ਨੰਬਰ ‘ਤੇ ਹਨ ।