ਟੀ-20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਇਸੇ ਵਿਚਾਲੇ ਹੁਣ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਵਿਰਾਟ ਕੋਹਲੀ IPL ਦੇ 14ਵੇਂ ਸੀਜ਼ਨ ਤੋਂ ਬਾਅਦ ਰਾਇਲ ਚੈਲੇਂਜ਼ਰਸ ਬੈਂਗਲੁਰੂ ਦੀ ਕਪਤਾਨੀ ਵੀ ਛੱਡ ਸਕਦੇ ਹਨ।
ਜੇਕਰ ਇਸ ਸਾਲ ਵੀ RCB ਆਈਪੀਐੱਲ ਦਾ ਖਿਤਾਬ ਨਹੀਂ ਜਿੱਤਦੀ ਤਾਂ ਕੋਹਲੀ ਵੱਲੋਂ ਕਪਤਾਨੀ ਛੱਡਣ ਦੀ ਸੰਭਾਵਨਾ ਹੋਰ ਵੀ ਵੱਧ ਜਾਵੇਗੀ। ਇਸ ਸਬੰਧੀਂ BCCI ਦੇ ਇੱਕ ਅਧਿਕਾਰੀ ਵੱਲੋਂ ਕੋਹਲੀ ਦੇ RCB ਦੀ ਕਪਤਾਨੀ ਨਾਲ ਅੱਗੇ ਵਧਣ ਦੇ ਸੰਕੇਤ ਦਿੱਤੇ ਹਨ।
ਇਸ ਬਾਰੇ ਅਧਿਕਾਰੀ ਨੇ ਕਿਹਾ ਕਿ ਭਾਰਤੀ ਟੀਮ ਦੀ ਕਪਤਾਨੀ ਛੱਡਣ ਨਾਲ ਵਰਕਲੋਡ ਮੈਨੇਜ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ IPL ਦੀ ਕਪਤਾਨੀ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇਹ ਟੂਰਨਾਮੈਂਟ ਜਿਸ ਤਰ੍ਹਾਂ ਅੱਗੇ ਵੱਧਦਾ ਜਾ ਰਿਹਾ ਹੈ, ਉਸੇ ਤਰ੍ਹਾਂ ਇਹ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
ਦੱਸ ਦੇਈਏ ਕਿ ਕੋਹਲੀ ਦਾ ਬਤੌਰ ਕਪਤਾਨ RCB ਲਈ ਬੇਹੱਦ ਖਰਾਬ ਰਿਕਾਰਡ ਰਿਹਾ ਹੈ। ਉਹ 2013 ਤੋਂ ਕਪਤਾਨੀ ਕਰ ਰਹੇ ਹਨ, ਪਰ RCB ਦੀ ਟੀਮ ਇੱਕ ਵਾਰ ਵੀ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਸਾਲ 2016 ਤੋਂ ਬਾਅਦ RCB ਦੀ ਟੀਮ ਨੇ ਪਿਛਲੇ ਸਾਲ ਪਲੇਆਫ ਲਈ ਕੁਆਲੀਫਾਈ ਕੀਤਾ ਸੀ।
ਗੌਰਤਲਬ ਹੈ ਕਿ ਸਾਲ 2016 ਦਾ ਟੂਰਨਾਮੈਂਟ ਕੋਹਲੀ ਲਈ ਬੇਹੱਦ ਸ਼ਾਨਦਾਰ ਸੀ। ਕੋਹਲੀ ਨੇ ਉਸ ਦੌਰਾਨ 973 ਦੌੜਾਂ ਬਣਾਈਆਂ ਸਨ। ਉਸ ਤੋਂ ਬਾਅਦ ਸਿਰਫ਼ 2018 ਦੇ ਟੂਰਨਾਮੈਂਟ ਵਿੱਚ ਹੀ ਕੋਹਲੀ 500 ਤੋਂ ਪਾਰ ਪਹੁੰਚੇ। ਜੇਕਰ ਇੱਥੇ ਸਾਲ 2021 ਯਾਨੀ ਕਿ ਮੌਜੂਦਾ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਨ੍ਹਾਂ ਦੀ ਔਸਤ 33 ਰਹੀ, ਜਿਸ ਵਿੱਚ ਉਨ੍ਹਾਂ ਦਾ ਇੱਕ ਅਰਧ ਸੈਂਕੜਾ ਸ਼ਾਮਿਲ ਹੈ।