Virat Kohli sets new India captaincy records: ਆਸਟ੍ਰੇਲੀਆ ਖ਼ਿਲਾਫ਼ ਐਤਵਾਰ ਨੂੰ ਸਿਡਨੀ ਵਿੱਚ ਸੀਰੀਜ਼ ‘ਤੇ ਕਬਜ਼ਾ ਕਰਦਿਆਂ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਮ ਇੱਕ ਵੱਡਾ ਰਿਕਾਰਡ ਦਰਜ ਹੋ ਗਿਆ ਹੈ। ਭਾਰਤ ਨੇ ਸਿਡਨੀ ਵਿੱਚ ਦੂਸਰਾ ਟੀ-20 ਮੈਚ ਜਿੱਤਦਿਆਂ ਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ । ਸੀਰੀਜ਼ ਦਾ ਆਖਰੀ ਮੈਚ ਮੰਗਲਵਾਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ।
ਦਰਅਸਲ, ਕੋਹਲੀ ਨੇ ਆਪਣੀ ਕਪਤਾਨੀ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਟੀ-20 ਸੀਰੀਜ਼ ਜਿੱਤੀ ਹੈ । ਇਸ ਤੋਂ ਪਹਿਲਾਂ ਆਪਣੀ ਕਪਤਾਨੀ ਵਿੱਚ ਵਿਰਾਟ ਕੋਹਲੀ ਨਿਊਜ਼ੀਲੈਂਡ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿੱਚ ਵੀ ਸੀਰੀਜ਼ ਜਿੱਤ ਚੁੱਕੇ ਹਨ । ਇਸ ਤਰ੍ਹਾਂ ਕੋਹਲੀ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਵਿੱਚ ਟੀ-20 ਸੀਰੀਜ਼ ਜਿੱਤਣ ਵਾਲੇ ਪਹਿਲੇ ਕਪਤਾਨ ਬਣ ਗਏ ਹਨ।
ਵਿਰਾਟ ਕੋਹਲੀ ਅਜਿਹੇ ਕਪਤਾਨ ਬਣ ਗਏ ਹਨ ਜੋ ਕ੍ਰਿਕਟ ਦੇ ਚਾਰ ਸਭ ਤੋਂ ਮੁਸ਼ਕਿਲ ਦੇਸ਼ਾਂ ਵਿੱਚ ਟੀ-20 ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹੇ ਹਨ ।ਭਾਰਤ ਨੇ ਕੋਹਲੀ ਦੀ ਕਪਤਾਨੀ ਵਿੱਚ ਨਿਊਜ਼ੀਲੈਂਡ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਟੀ-20 ਸੀਰੀਜ਼ ਵਿੱਚ 5-0 ਨਾਲ ਹਰਾਇਆ ਸੀ। ਇਸ ਦੇ ਨਾਲ ਹੀ 2018 ਦੀ ਸ਼ੁਰੂਆਤ ਵਿੱਚ ਦੱਖਣੀ ਅਫਰੀਕਾ ਨੂੰ ਟੀ-20 ਸੀਰੀਜ਼ ਵਿੱਚ 2-1 ਨਾਲ ਮਾਤ ਦਿੱਤੀ ਸੀ ਅਤੇ 2018 ਵਿੱਚ ਹੀ ਇੰਗਲੈਂਡ ਨੂੰ ਟੀ-20 ਸੀਰੀਜ਼ ਵਿੱਚ 2-1 ਨਾਲ ਹਰਾਇਆ ਸੀ।
ਦੱਸ ਦੇਈਏ ਕਿ ਇੱਕ ਬੱਲੇਬਾਜ਼ ਹੋਣ ਦੇ ਨਾਤੇ ਵਿਰਾਟ ਕੋਹਲੀ ਨੇ ਜੋ ਮੁਕਾਮ ਹਾਸਿਲ ਕੀਤਾ ਹੈ, ਇਸੇ ਮੁਕਾਮ ਨੂੰ ਉਹ ਇੱਕ ਕਪਤਾਨ ਦੇ ਤੌਰ ‘ਤੇ ਹਾਸਿਲ ਕਰਦੇ ਜਾ ਰਹੇ ਹਨ। ਭਾਰਤੀ ਟੀਮ ਦੀ ਕਪਤਾਨੀ ਸੰਭਾਲਣ ਤੋਂ ਬਾਅਦ ਕੋਹਲੀ ਨੇ ਜ਼ਬਰਦਸਤ ਸਫਲਤਾ ਹਾਸਿਲ ਕੀਤੀ ਹੈ । ਧੋਨੀ ਦੀ ਕਪਤਾਨੀ ਤੋਂ ਬਾਅਦ ਤੋਂ ਕੋਹਲੀ ਟੀਮ ਨੂੰ ਸਫਲਤਾ ਦਿਵਾ ਰਹੇ ਹਨ।
ਇਹ ਵੀ ਦੇਖੋ: ਗੁਰਦਾਸ ਮਾਨ ਦੀ ਸਟੇਜ ‘ਤੇ ਐਂਟਰੀ ਲਈ ਦੋ ਧੜਿਆਂ ‘ਚ ਵੰਡੇ ਗਏ ਕਿਸਾਨ