ਵੈਸਟਇੰਡੀਜ਼ ਦੇ ਧਾਕੜ ਖਿਡਾਰੀ ਡੈਰੇਨ ਬ੍ਰਾਵੋ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਨੂੰ ਸੰਨਿਆਸ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਉਹ ਪਿਛਲੇ ਸਾਲ ਤੋਂ ਨੈਸ਼ਨਲ ਟੀਮ ਤੋਂ ਬਾਹਰ ਚੱਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ। ਹਾਲ ਹੀ ਵਿੱਚ ਬ੍ਰਾਵੋ ਨੂੰ ਇੰਗਲੈਂਡ ਦੇ ਖਿਲਾਫ਼ ਐਲਾਨੀ ਗਈ ਵਨਡੇ ਸੀਰੀਜ਼ ਦੇ ਲਈ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ। ਆਖਰੀ ਵਾਰ ਉਹ ਭਾਰਤ ਦੇ ਖਿਲਾਫ਼ ਹੀ ਵਨਡੇ ਮੈਚ ਖੇਡ ਸਕੇ ਸਨ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਲਿਖਿਆ ਕਿ ਮੈਂ ਸੋਚਣ ਦੇ ਲਈ ਕੁਝ ਸਮਾਂ ਲਿਆ ਹੈ ਅਤੇ ਸੋਚਿਆ ਹੈ ਕਿ ਇੱਕ ਕ੍ਰਿਕਟਰ ਦੇ ਰੂਪ ਵਿੱਚ ਅੱਗੇ ਵਧਣ ਲਈ ਮੇਰਾ ਅਗਲਾ ਕਦਮ ਕੀ ਹੈ। ਮੇਰੇ ਕਰੀਅਰ ਦੇ ਇਸ ਮੋੜ ‘ਤੇ ਇਹ ਆਸਾਨ ਨਹੀਂ ਹੈ ਜਾਂ ਮੈਨੂੰ ਕਹਿਣਾ ਚਾਹੀਦਾ ਹੈ ਕਿ ਆਪਣੀ ਸਮਰੱਥਾ ਅਨੁਸਾਰ ਬੈਸਟ ਪਰਫਾਰਮੈਂਸ ਕਰਨ ਤੇ ਖੁਦ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕਰਨ ਦੀ ਸਥਿਤੀ ਵਿੱਚ ਲਿਆਉਣ ਲਈ ਊਰਜਾ, ਜਨੂਨ, ਵਚਨਬੱਧਤਾ ਤੇ ਅਨੁਸ਼ਾਸਨ ਨੂੰ ਜਾਰੀ ਰੱਖਣ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ।
ਇਸ ਸਮੇਂ ਤਿੰਨ ਟੀਮਾਂ ਕਈ ਫਾਰਮੈਟ ਤੇ ਸੀਰੀਜ਼ ਵਿੱਚ ਇਸ ਖੇਤਰ ਦੀ ਅਗਵਾਈ ਕਰ ਰਹੀਆਂ ਹਨ। ਇਹ ਲਗਭਗ 40-45 ਖਿਡਾਰੀ ਹਨ ਤੇ ਜੇ ਮੈਂ ਆਪਣੇ ਖੇਤਰੀ ਟੂਰਨਾਮੈਂਟਾਂ ਵਿੱਚ ਦੌੜਾਂ ਬਣਾਉਣ ਦੇ ਬਾਅਦ ਇਨ੍ਹਾਂ ਵਿੱਚੋਂ ਕਿਸੇ ਵੀ ਟੀਮ ਵਿੱਚ ਨਹੀਂ ਹੋ ਸਕਦਾ, ਤਾਂ ਉਹ ਸਾਫ ਤੌਰ ‘ਤੇ ਮੈਨੂੰ ਸੰਕੇਤ ਦੇ ਰਹੇ ਹਨ। ਮੈਂ ਹਾਰ ਨਹੀਂ ਮੰਨ ਰਿਹਾ ਹਾਂ, ਪਰ ਮੇਰਾ ਮੰਨਣਾ ਹੈ ਕਿ ਥੋੜ੍ਹਾ ਜਿਹਾ ਦੂਰ ਰਹਿਣਾ ਤੇ ਸ਼ਾਇਦ ਇੱਕ ਨੌਜਵਾਨ ਤੇ ਉੱਭਰ ਰਹੀ ਪ੍ਰਤਿਭਾ ਦੇ ਲਈ ਕੁਝ ਜਗ੍ਹਾ ਬਣਾਉਣਾ ਸਭ ਤੋਂ ਵਧੀਆ ਹੈ। ਮੈਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਪਣੀ ਗੱਲ ਖਤਮ ਕਰਾਂਗਾ।
ਦੱਸ ਦੇਈਏ ਕਿ ਬ੍ਰਾਵੋ ਨੇ ਵੈਸਟਇੰਡੀਜ਼ ਦੇ ਲਈ ਆਖਰੀ ਮੈਚ ਸਾਲ 2022 ਵਿੱਚ ਭਾਰਤ ਦੇ ਖਿਲਾਫ਼ ਇੱਕ ਵਨਡੇ ਮੈਚ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਸੀ। ਇਸਦੇ ਬਾਅਦ ਉਨ੍ਹਾਂ ਨੂੰ ਕਿਸੇ ਵੀ ਫਾਰਮੈਟ ਵਿੱਚ ਮੌਕਾ ਨਹੀਂ ਮਿਲਿਆ ਹੈ। ਭਾਰਤ ਦੇ ਖਿਲਾਫ਼ ਆਖਰੀ ਮੈਚ ਵਿੱਚ 30 ਗੇਂਦਾਂ 19 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਤੋਂ ਬਾਅਦ ਤੋਂ ਉਹ ਟੀਮ ਤੋਂ ਬਾਹਰ ਚੱਲ ਰਹੇ ਹਨ। ਡੈਰੇਨ ਨੇ ਵੈਸਟਇੰਡੀਜ਼ ਦੇ ਲਈ ਹੁਣ ਤੱਕ ਕੁੱਲ 56 ਟੈਸਟ, 122 ਵਨਡੇ ਤੇ 26 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਤਿੰਨੋਂ ਫਾਰਮੈਂਟਾਂ ਵਿੱਚ ਕ੍ਰਮਵਾਰ 3558, 3109 ਤੇ 405 ਦੌੜਾਂ ਬਣਾਈਆਂ ਹਨ। ਟੈਸਟ ਵਿੱਚ ਉਹ 8 ਜਦਕਿ ਵਨਡੇ ਵਿੱਚ 4 ਸੈਂਕੜੇ ਲਗਾ ਚੁੱਕੇ ਹਨ। ਟੈਸਟ ਵਿੱਚ ਉਨ੍ਹਾਂ ਦੇ ਨਾਮ ਇੱਕ ਦੋਹਰਾ ਸੈਂਕੜਾ ਵੀ ਹੈ।
ਵੀਡੀਓ ਲਈ ਕਲਿੱਕ ਕਰੋ : –