ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨਿਖਤ ਜ਼ਰੀਨ ਨੇ ਇਤਿਹਾਸ ਰਚ ਦਿੱਤਾ ਹੈ । ਵੀਰਵਾਰ ਨੂੰ ਹੋਏ ਫਾਈਨਲ ਮੁਕਾਬਲੇ ਵਿੱਚ ਨਿਖਤ ਜ਼ਰੀਨ ਨੇ ਜਿੱਤ ਦਰਜ ਕਰ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। 52 ਕਿਲੋਗ੍ਰਾਮ ਕੈਟੇਗਰੀ ਵਿੱਚ ਨਿਖਤ ਜ਼ਰੀਨ ਨੇ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ 5-0 ਨਾਲ ਹਰਾ ਕੇ ਜਿੱਤ ਦਰਜ ਕੀਤੀ।
ਪੂਰੀ ਫਾਈਟ ਦੌਰਾਨ ਨਿਖਤ ਜ਼ਰੀਨ ਦਾ ਦਬਦਬਾ ਦੇਖਣ ਨੂੰ ਮਿਲਿਆ, ਉਸ ਨੇ ਆਪਣੇ ਬਾਊਟ ਦੀ ਸ਼ੁਰੂਆਤ ਹੀ ਵਿਰੋਧੀ ਮੁੱਕੇਬਾਜ਼ ਨੂੰ ਸੱਜੇ ਹੱਥ ਨਾਲ ਜੈਬ ਮਾਰਦੇ ਹੋਏ ਕੀਤੀ ਸੀ । ਨਿਖਤ ਜ਼ਰੀਨ ਲਗਾਤਾਰ ਇਸ ਟੂਰਨਾਮੈਂਟ ਵਿੱਚ ਛਾਈ ਰਹੀ। ਪਹਿਲੇ ਸੈਮੀਫਾਈਨਲ ਵਿੱਚ ਉਨ੍ਹਾਂ ਨੇ 5-0 ਨਾਲ ਜਿੱਤ ਦਰਜ ਕੀਤੀ। ਜਿਸਦੇ ਆਖਰੀ ਚਾਰ ਰਾਊਂਡ ਵਿੱਚ ਸਾਰੇ ਜੱਜਾਂ ਨੇ ਉਸਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ । ਹੁਣ ਫਾਈਨਲ ਵਿੱਚ ਵੀ ਇਹੀ ਦਬਦਬਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਸਜ਼ਾ ਮਿਲਦੇ ਹੀ ਸਿੱਧੂ ਤੋਂ ਸਕਿਓਰਿਟੀ ਲਈ ਗਈ ਵਾਪਿਸ, ਜੇਲ੍ਹ ‘ਚ ਦਿਨ ਕੱਟਣ ਨੂੰ ਮਿਲੇਗਾ ਇਹ ਸਾਮਾਨ
ਨਿਖਤ ਜ਼ਰੀਨ ਨੇ ਪਿਛਲੇ ਕੁਝ ਦਿਨਾਂ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ । ਨਿਖਤ ਜ਼ਰੀਨ ਨੇ 2019 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ। ਜਦਕਿ ਇਸੇ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿੱਚ ਉਨ੍ਹਾਂ ਨੇ ਬ੍ਰਾਜ਼ੀਲ ਦੀ ਕੈਰੋਲਿਨ ਡੀ ਅਲਮੀਡਾ ਨੂੰ 5-0 ਨਾਲ ਹਰਾਇਆ ਸੀ । 25 ਸਾਲਾ ਨਿਖਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪੰਜਵੀਂ ਭਾਰਤੀ ਮਹਿਲਾ ਮੁੱਕੇਬਾਜ਼ ਹੈ । ਮੁੱਕੇਬਾਜ਼ੀ ਦੀ ਦਿੱਗਜ ਮੈਰੀਕਾਮ ਨੇ ਇਸ ਚੈਂਪੀਅਨਸ਼ਿਪ ਵਿੱਚ 6 ਵਾਰ ਸੋਨ ਤਗਮਾ ਜਿੱਤ ਕੇ ਰਿਕਾਰਡ ਬਣਾਇਆ ਹੈ । ਭਾਰਤ ਵੱਲੋਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਐਮਸੀ ਮੈਰੀਕਾਮ, ਸਰਿਤਾ ਦੇਵੀ, ਜੈਨੀ ਆਰਐਲ ਅਤੇ ਲੇਖਾ ਸੀ ਨੇ ਸੋਨ ਤਗਮੇ ਜਿੱਤੇ ਹਨ । ਹੁਣ ਇਸ ਲਿਸਟ ਵਿੱਚ ਨੌਜਵਾਨ ਮੁੱਕੇਬਾਜ਼ ਨਿਖਤ ਜ਼ਰੀਨ ਦਾ ਨਾਂ ਵੀ ਜੁੜ ਗਿਆ ਹੈ।
ਦੱਸ ਦੇਈਏ ਕਿ ਨਿਖਤ ਜ਼ਰੀਨ ਨੇ ਹਾਲ ਹੀ ਵਿੱਚ ਸਟ੍ਰਾਂਜਾ ਮੈਮੋਰੀਅਲ ਵਿੱਚ ਇੱਕ ਤਗਮਾ ਜਿੱਤਿਆ ਸੀ , ਇੱਥੇ ਦੋ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਸੀ । ਇੱਥੇ ਉਸ ਨੇ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਨੂੰ ਹਰਾਇਆ ਸੀ, ਹੁਣ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਨਿਖਤ ਜ਼ਰੀਨ ਤੋਂ ਉਮੀਦਾਂ ਵਧ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: