World third largest cricket stadium: ਜੈਪੁਰ: ਰਾਜਸਥਾਨ ਕ੍ਰਿਕਟ ਐਸੋਸੀਏਸ਼ਨ (RCA) ਰਾਜਧਾਨੀ ਜੈਪੁਰ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ, RCA ਜੈਪੁਰ ਵਿੱਚ 75 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇੱਕ ਕ੍ਰਿਕਟ ਸਟੇਡੀਅਮ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਸੱਕਤਰ ਮਹਿੰਦਰ ਸ਼ਰਮਾ ਨੇ ਖ਼ੁਦ ਇਹ ਜਾਣਕਾਰੀ ਦਿੱਤੀ ।
ਦੱਸ ਦੇਈਏ ਕਿ ਜੈਪੁਰ ਦਾ ਇਹ ਸਟੇਡੀਅਮ ਵਿਸ਼ਵ ਦਾ ਤੀਜਾ ਅਤੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੋਵੇਗਾ। ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਵੀ ਭਾਰਤ ਵਿੱਚ ਹੈ। ਗੁਜਰਾਤ ਦੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਇੱਕ ਲੱਖ 10 ਹਜ਼ਾਰ ਦਰਸ਼ਕ ਮਿਲ ਕੇ ਮੈਚ ਦਾ ਆਨੰਦ ਲੈ ਸਕਦੇ ਹਨ। ਉੱਥੇ ਹੀ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਆਸਟ੍ਰੇਲੀਆ ਦਾ ਮੈਲਬਰਨ ਕ੍ਰਿਕਟ ਮੈਦਾਨ (MCG) ਹੈ। ਇਸ ਵਿੱਚ ਲਗਭਗ ਇੱਕ ਲੱਖ ਦਰਸ਼ਕ ਮੈਚ ਦੇਖ ਸਕਦੇ ਹਨ।
RCA ਦੇ ਸੱਕਤਰ ਮਹਿੰਦਰ ਸ਼ਰਮਾ ਨੇ ਕਿਹਾ, “ਜੈਪੁਰ ਤੋਂ 25 ਕਿਲੋਮੀਟਰ ਦੂਰ ਚੋਂਪ ਪਿੰਡ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੋਵੇਗਾ। ਸਟੇਡੀਅਮ ਦੇ ਅੰਦਰ ਇੰਡੋਰ ਖੇਡਾਂ, ਖੇਡ ਸਿਖਲਾਈ ਅਕੈਡਮੀਆਂ, ਕਲੱਬ ਹਾਊਸ ਅਤੇ ਲਗਭਗ 4,000 ਵਾਹਨਾਂ ਦੀ ਪਾਰਕਿੰਗ ਮੁਹੱਈਆ ਕਰਵਾਈ ਜਾਵੇਗੀ । ਇਸ ਦੇ ਦੋ ਅਭਿਆਸ ਮੈਦਾਨ ਵੀ ਹੋਣਗੇ, ਜੋ ਰਣਜੀ ਮੈਚਾਂ ਲਈ ਵਰਤੇ ਜਾ ਸਕਦੇ ਹਨ । ” ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਚ ਦਰਸ਼ਕਾਂ ਲਈ ਦੋ ਰੈਸਟੋਰੈਂਟ, ਖਿਡਾਰੀਆਂ ਲਈ 30 ਅਭਿਆਸ ਨੈੱਟ ਅਤੇ 250 ਲੋਕਾਂ ਦੀ ਬੈਠਣ ਦੀ ਸਮਰੱਥਾ ਵਾਲਾ ਇੱਕ ਪ੍ਰੈਸ ਕਾਨਫਰੰਸ ਰੂਮ ਵੀ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ RCA ਨੇ ਅਗਲੇ ਚਾਰ ਮਹੀਨਿਆਂ ਵਿੱਚ ਇਸ ਸਟੇਡੀਅਮ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਸ਼ਰਮਾ ਨੇ ਅੱਗੇ ਦੱਸਿਆ ਕਿ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੂੰ 90 ਕਰੋੜ ਰੁਪਏ RCA ਨੂੰ ਦੇਣੇ ਹਨ। ਉੱਥੇ ਹੀ RCA ਯੂਨੀਅਨ ਬੋਰਡਾਂ ਤੋਂ 100 ਕਰੋੜ ਦੀ ਮੰਗ ਕਰੇਗਾ । ਇਸ ਤੋਂ ਇਲਾਵਾ 100 ਕਰੋੜ ਰੁਪਏ ਦਾ ਕਰਜ਼ਾ ਅਤੇ 60 ਕਰੋੜ ਦੇ ਸਟੇਡੀਅਮ ਦਾ ਕਾਰਪੋਰੇਟ ਬਾਕਸ ਵੇਚ ਕੇ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ ।