ਫਗਵਾੜਾ ਸਬ-ਡਵੀਜ਼ਨ ‘ਚ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦੋਵੇਂਸ ਸਕੇ ਭਰਾ ਹਨ। ਉਨ੍ਹਾਂ ਕੋਲੋਂ ਲੁੱਟ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਡੀਐਸਪੀ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ਼ ਦੀ ਟੀਮ ਨੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਅਤੇ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਸੀ.ਆਈ.ਏ ਸਟਾਫ਼ ਫਗਵਾੜਾ ਦੀ ਟੀਮ ਨੇ ਤਕਨੀਕੀ ਸਹਾਇਤਾ ਦੇ ਆਧਾਰ ‘ਤੇ ਥਾਣਾ ਸਦਰ ਫਗਵਾੜਾ, ਭੁੱਲਾਰਾਈ ਚੌਂਕ ਫਗਵਾੜਾ ‘ਤੇ ਨਾਕਾਬੰਦੀ ਕਰਕੇ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਵੱਲ ਆ ਰਹੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਪਰੋਕਤ ਦੋਵੇਂ ਦੋਸ਼ੀ ਰਾਹਗੀਰਾਂ ਦੀਆਂ ਅੱਖਾਂ ਵਿੱਚ ਲਾਲ ਮਿਰਚ ਪਾਊਡਰ ਪਾ ਕੇ ਨਕਦੀ ਆਦਿ ਖੋਹ ਲੈਂਦੇ ਸਨ। ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਜੋਗਧੀਰ ਸਿੰਘ ਵਾਸੀ ਪਿੰਡ ਖਾਟੀ ਥਾਣਾ ਸਦਰ ਫਗਵਾੜਾ ਅਤੇ ਜਸਬੀਰ ਸਿੰਘ ਉਰਫ ਰੋਹਿਤ ਪੁੱਤਰ ਜੋਗਧੀਰ ਸਿੰਘ ਵਾਸੀ ਪਿੰਡ ਖਾਟੀ ਥਾਣਾ ਸਦਰ ਫਗਵਾੜਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਇਕ ਨੀਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ-09-ਪੀ-3750 ਵੀ ਬਰਾਮਦ ਕੀਤਾ ਹੈ, ਜਿਸ ਦੀ ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਵ ਵਿਚ ਵਰਤੋਂ ਕਰਦੇ ਸਨ। ਇਸ ਤੋਂ ਇਲਾਵਾ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੋਕੋ ਬ੍ਰਾਂਡ ਦਾ ਇੱਕ ਮੋਬਾਈਲ ਫ਼ੋਨ, ਰੀਅਲਮੀ ਬ੍ਰਾਂਡ ਦਾ ਇੱਕ ਮੋਬਾਈਲ ਫ਼ੋਨ ਅਤੇ 5365 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਔਰਤ ਦੀ ਵੀਡੀਓ ਵਾਇਰਲ ਕਰਨ ਦਾ ਮਾਮਲਾ! ਪੀੜਤਾ ਘਰ ਪਹੁੰਚੇ ਵਿਜੇ ਸਾਂਪਲਾ, ਕਾਰਵਾਈ ਦਾ ਦਿੱਤਾ ਭਰੋਸਾ
ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਖ਼ਿਲਾਫ਼ ਫਗਵਾੜਾ ਸਿਟੀ, ਫਗਵਾੜਾ ਸਦਰ ਅਤੇ ਰਾਵਲਪਿੰਡੀ ਥਾਣੇ ਵਿੱਚ ਪਹਿਲਾਂ ਵੀ ਚੋਰੀ ਅਤੇ ਲੁੱਟ-ਖੋਹ ਦੇ ਕਈ ਕੇਸ ਦਰਜ ਹਨ। ਪੁਲਿਸ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰੇਗੀ ਅਤੇ ਇਨ੍ਹਾਂ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: