Woman calls for help : ਮੋਗਾ ਦੇ ਪਿੰਡ ਨੱਥੂਵਾਲਾ ਜਦੀਦ ਵਿੱਚ ਇਕ ਔਰਤ ਵੱਲੋਂ 62 ਸਾਲਾ ਬਜ਼ੁਰਗ ਨੂੰ ਮਦਦ ਵਾਸਤੇ ਘਰ ਬੁਲਾ ਕੇ ਆਪਣੇ ਸਾਥੀਆਂ ਨਾਲ ਰਲ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਨੇ ਬਜ਼ੁਰਗ ਨੂੰ ਬਲੈਕਮੇਲ ਕਰਦੇ ਹੋਏ ਉਸ ਕੋਲੋਂ ਇੱਕ ਸੋਨੇ ਦਾ ਕੜਾ, ਮੁੰਦਰੀ ਅਤੇ 2200 ਰੁਪਏ ਨਕਦ ਲੈ ਲਏ ਅਤੇ ਇੱਕ ਲੱਖ ਦਾ ਚੈੱਕ ਵੀ ਸਾਈਨ ਕਰਵਾ ਲਿਆ। ਇਸ ਬਾਰੇ ਪੀੜਤ ਬਜ਼ੁਰਗ ਵੱਲੋਂ ਥਾਣਾ ਸਿਟੀ ਸਾਊਥ ਮੋਗਾ ਵਿਚ ਮਾਮਲਾ ਦਰਜ ਕਰਵਾਇਆ ਗਿਆ ਜਿਸ ’ਤੇ ਪੁਲਿਸ ਵੱਲੋਂ ਔਰਤ ਸਣੇ ਉਸ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਕੌਰ, ਜਗਦੀਸ਼ ਸਿੰਘ ਉਰਫ ਲਾਟੀ ਨਿਵਾਸੀ ਬਾਘਾ ਪੁਰਾਣਾ, ਗਗਨਦੀਪ ਸਿੰਘ ਉਰਫ ਗਗਨਾ ਨਿਵਾਸੀ ਮੋਗਾ ਵਜੋਂ ਹੋਈ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਮੋਗਾ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੀੜਤ ਬਜ਼ੁਰਗ ਖੇਤੀਬਾੜੀ ਦਾ ਕੰਮ ਕਰਦਾ ਹੈ। ਦੋਸ਼ੀ ਔਰਤ 15 ਸਾਲ ਪਹਿਲਾਂ ਬਜ਼ੁਰਗ ਦੇ ਘਰ ‘ਚ ਕੰਮ ਕਰਦੀ ਸੀ। ਵਿਆਹ ਤੋਂ ਬਾਅਦ ਅਤੇ ਉਹ ਵਿਆਹ ਦੇ ਬਾਅਦ ਪਿੰਡ ਚੁੱਪ ਕੀਤੀ ਚਲੀ ਗਈ। ਕੁਝ ਸਮੇਂ ਬਾਅਦ ਉਸ ਦਾ ਆਪਣੇ ਪਤੀ ਨਾਲ ਪੰਚਾਇਤੀ ਤਲਾਕ ਹੋ ਗਿਆ। ਹੁਣ ਉਕਤ ਔਰਤ ਚੁੰਗੀ ਨੰਬਰ 3 ਕੋਲ ਦੋਸ਼ੀ ਜਗਦੀਸ਼ ਸਿੰਘ ਉਰਫ ਲਾਟੀ ਨਾਲ ਰਹਿ ਰਹੀ ਸੀ। ਇਨ੍ਹਾਂ ਦੋਹਾਂ ਨੇ ਵੀਡੀਓ ਬਣਾਉਣ ਦਾ ਕੰਮ ਕਰਨ ਵਾਲੇ ਗਗਨਦੀਪ ਸਿੰਘ ਉਰਫ਼ ਗਗਨਾ ਨੂੰ ਵੀ ਆਪਣੇ ਨਾਲ ਮਿਲਾ ਲਿਆ ਅਤੇ ਬਜ਼ੁਰਗ ਨੂੰ ਲੁੱਟਣ ਦੀ ਯੋਜਨਾ ਬਣਾਈ। ਜਿਸ ਅਧੀਨ ਗੁਰਪ੍ਰੀਤ ਕੌਰ ਨੇ ਪੀੜਤ ਬਜ਼ੁਰਗ ਨੂੰ ਫੋਨ ਕਰ ਕੇ ਕਿਹਾ ਕਿ ਉਸ ਨੂੰ 2 ਹਜ਼ਾਰ ਰੁਪਏ ਦੀ ਜ਼ਰੂਰਤ ਹੈ। ਪੁਰਾਣੀ ਪਛਾਣ ਹੋਣ ਦੇ ਕਾਰਣ ਪੀੜਤ ਬਜ਼ੁਰਗ ਉਨ੍ਹਾਂ ਦੇ ਘਰ ਪੈਸੇ ਦੇਣ ਲਈ ਪੁੱਜਿਆ ਤਾਂ ਦੋਵੇਂ ਦੋਸ਼ੀ ਜਗਦੀਸ਼ ਸਿੰਘ ਅਤੇ ਗਗਨਦੀਪ ਸਿੰਘ ਉਰਫ ਗਗਨਾ ਵੀ ਆ ਗਏ। ਉਨ੍ਹਾਂ ਬਜ਼ੁਰਗ ਦੇ ਕੱਪੜੇ ਉਤਾਰ ਕੇ ਔਰਤ ਨਾਲ ਅਸ਼ਲੀਲ ਵੀਡੀਓ ਬਣਾ ਲਈ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਦੋਸ਼ੀਆਂ ਨੇ ਉਸ ਤੋਂ ਸੋਨੇ ਦਾ ਕੜਾ, ਮੁੰਦਰੀ ਅਤੇ 2200 ਰੁਪਏ ਨਕਦ ਦੇ ਇਲਾਵਾ 1 ਲੱਖ ਰੁਪਏ ਦਾ ਚੈੱਕ ਵੀ ਲੈ ਲਿਆ। ਪੀੜਤ ਬਜ਼ੁਰਗ ਨੇ ਚੈੱਕ ‘ਤੇ ਅੰਗਰੇਜ਼ੀ ‘ਚ ਦਸਤਖ਼ਤ ਕਰ ਦਿੱਤੇ, ਜਦਕਿ ਉਹ ਪੰਜਾਬੀ ਅਤੇ ਵਿਚ ਦਸਤਖ਼ਤ ਕਰਦਾ ਸੀ। ਪੀੜਤ ਬਜ਼ੁਰਗ ਨੇ ਪੂਰਾ ਮਾਮਲਾ ਉੱਚ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਜਦੋਂ ਦੋਸ਼ੀਆਂ ਨੇ ਬੈਂਕ ਵਿੱਚ ਚੈੱਕ ਲਗਾਇਆ ਤਾਂ ਬੈਂਕ ਵਾਲਿਆਂ ਨੇ ਦਸਤਖਤ ਠੀਕ ਨਾ ਹੋਣ ‘ਤੇ ਚੈੱਕ ਵਾਪਸ ਕਰ ਦਿੱਤਾ। ਇਸ ‘ਤੇ ਦੋਸ਼ੀਆਂ ਨੇ ਪੀੜਤ ਬਜ਼ੁਰਗ ਨਾਲ ਸੰਪਰਕ ਕੀਤਾ ਤਾਂ ਉਸ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ‘ਤੇ ਤਿੰਨੇ ਦੋਸ਼ੀ ਪੁਲਸ ਨੇ ਕਾਬੂ ਕਰ ਲਏ ਗਏ।