ਆਦਮਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 26 ਮਈ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਅਤੇ ਇਨ੍ਹਾਂ ਕਾਨੂੰਨਾਂ ਖਿਲਾਫ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ 26 ਨੁੰ ਆਪੋ ਆਪਣੇ ਘਰਾਂ ’ਤੇ ਕਾਲੇ ਝੰਡੇ ਲਹਿਰਾਉਣ।
ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰਨ ਅਤੇ ਕਿਹਾ ਕਿ ਲੋਕਤੰਤਰ ਵਿਚ ਹਊਮੈ ਦੀ ਕੋਈ ਥਾਂ ਨਹੀਂ ਹੈ ਅਤੇ ਸਿਰਫ ਤਾਨਾਸ਼ਾਹ ਹੀ ਲੋਕਾਂ ਪ੍ਰਤੀ ਆਪਣੇ ਨਾ ਬਦਲਣ ਦਾ ਰਵੱਈਆ ਰੱਖਦੇ ਹਨ। ਸ. ਬਾਦਲ ਇਥੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ 8ਵੇਂ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਇਹ ਸੈਂਟਰ ਕਾਲੜਾ ਪਿੰਡ ਵਿਚ ਗੁਰੂ ਨਾਨਕ ਸੰਗਤ ਹਸਪਤਾਲ ਵਿਖੇ ਖੋਲ੍ਹਿਆ ਗਿਆ ਹੈ ਜਿਸ ਵਿਚ ਆਕਸੀਜ਼ਨ ਕੰਸੈਂਟ੍ਰੇਟਰਾਂ ਸਮੇਤ 25 ਬੈਡਾਂ ਦੀ ਸਹੂਲਤ ਉਪਲਬਧ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਜੋ ਮੌਕੇ ’ਤੇ ਹਾਜ਼ਰ ਸਨ, ਨੇ ਦੱਸਿਆ ਕਿ ਕਮੇਟੀ ਨੇ ਇਨ੍ਹਾਂ ਸੈਂਟਰਾਂ ਵਿਚ 24 ਘੰਟੇ ਵਾਸਤੇ ਕੋਰੋਨਾ ਮਰੀਜ਼ਾਂ ਦੀ ਸੰਭਾਲ ਕਰਨ ਲਈ 140 ਡਾਕਟਰਾਂ, 240 ਨਰਸਾਂ ਤੇ 12 ਨਰਸਿੰਗ ਸੁਪਰਵਾਈਜ਼ਰਾਂ ਸਮੇਤ 400 ਮੈਂਬਰਾਂ ਦਾ ਮੈਡੀਕਲ ਸਟਾਫ ਤਾਇਨਾਤ ਕੀਤਾ ਹੈ।
ਸ. ਬਾਦਲ ਨੇ ਇਸ ਮੌਕੇ ਸਪਸ਼ਟ ਕਿਹਾ ਕਿ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ ਜੇਕਰ ਉਹ ਆਪਣੇ ਕਿਸਾਨਾਂ ਖਿਲਾਫ ਵਿਤਕਰਾ ਕਰੇ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੇ ਹਨ ਤੇ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਤੇ ਐਮ ਐਸ ਪੀ ’ਤੇ ਜਿਣਸਾਂ ਦੀ ਸਰਕਾਰੀ ਖਰੀਦ ਯਕੀਨੀ ਤੌਰ ’ਤੇ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਜਾਏ ਕਿਸਾਨਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ, ਕੇਂਦਰ ਸਰਕਾਰ ਨੇ ਚਾਰ ਮਹੀਨੇ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਠੱਪ ਕਰ ਦਿੱਤੀ ਅਤੇ ਇਹ ਸੰਘਰਸ਼ ਵਿਚ ਲੱਗੇ ਕਿਸਾਨਾਂ ਨੂੰ ਥਕਾ ਕੇ ਸੰਘਰਸ਼ ਨੂੰ ਖ਼ਤ ਕਰਵਾਉਣ ਦੇ ਯਤਨਾਂ ਵਿਚ ਲੱਗੀ ਹੈ। ਉਨ੍ਹਾਂ ਕਿਹਾ ਕਿ ਮੈਂ ਸਪਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਗਰੀਬਾਂ ਦੀ ਪਾਰਟੀ ਹੈ ਤੇ ਹਮੇਸ਼ਾ ਉਹਨਾਂ ਦੇ ਨਾਲ ਡਟੀ ਰਹੇਗੀ।
ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ 26 ਮਈ ਨੂੰ ਆਪੋ ਆਪਣੇ ਘਰਾਂ ’ਤੇ ਕਾਲੇ ਝੰਡਾ ਲਹਿਰਾ ਕੇ ਕਿਸਾਨਾਂ ਲਈ ਨਿਆਂ ਦੀ ਮੰਗ ਕਰਨ। ਕੋਰੋਨਾ ਮਹਾਮਾਰੀ ਦੀ ਗੱਲ ਕਰਦਿਆਂ ਸ਼੍ਰੋਮਣੀਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀ ਕਾਂਗਰਸ ਸਰਕਾਰ ਦੋਵਾਂ ਨੇ ਰਲ ਕੇ ਪੰਜਾਬ ਨੂੰ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੌਤ ਦਰ ਜ਼ਿਆਦਾ ਹੋਣ ਦੇ ਬਾਵਜੂਦ ਸੂਬੇ ਨੂੰ ਵੈਂਟੀਲੇਟਰ ਦੇਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਿਮਾਰੀ ’ਤੇ ਤਾਂ ਹੀ ਫਤਿਹ ਪਾ ਸਕਦੇ ਹਾਂ ਜੇਕਰ ਅਸੀਂ ਜੇਕਰ ਸਾਡਾ ਜਰਨੈਲ ਜੰਗ ਵਾਸਤੇ ਬਾਹਰ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਮੌਕੇ ਦਲੇਰ ਲੀਡਰਸ਼ਿਪ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਭ ਤੋਂ ਵੱਧ ਪ੍ਰਭਾਵਤ ਜਿਲ੍ਹਿਆਂ ਦਾ ਦੌਰਾ ਕਰਨ ਅਤੇ ਆਪਣੇ ਮੰਤਰੀਆਂ ਨੁੰ ਵੀ ਇਹ ਹਦਾਇਤ ਕਰਨ ਕਿ ਉਹ ਲੋਕਾਂ ਨਾਲ ਸਿੱਧਾ ਰਾਬਤ ਕਾਇਮ ਕਰ ਕੇ ਆਕਸੀਜ਼ਨ, ਦਵਾਈਆਂ ਤੇ ਮਿਆਰੀ ਮੈਡੀਕਲ ਸੰਭਾਲ ਦੀ ਘਾਟ ਸਮੇਤ ਉਹਨਾਂ ਦੀਆਂ ਹੋਰ ਮੁਸ਼ਕਿਲਾਂ ਹੱਲ ਕਰ ਸਕਣ।
ਇਹ ਵੀ ਪੜ੍ਹੋ : ਮੌਡਰਨਾ ਤੋਂ ਬਾਅਦ ‘ਫਾਈਜ਼ਰ’ ਨੇ ਵੀ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਕੀਤੀ ਨਾ-ਮਨਜ਼ੂਰ: ਵਿਕਾਸ ਗਾਰਗ
ਸ. ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਪਣੀਆਂ ਤਰਜੀਹਾਂ ਨਵੇਂ ਸਿਰੇ ਤੋਂ ਤੈਅ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਰਾ ਧਿਆਨ ਸਿਹਤ ਸੰਭਾਲ ਸਹੂਲਤਾਂ ਅਪਗ੍ਰੇਡ ਕਰਨ ਵਾਸਤੇ ਫੰਡ ਪ੍ਰਦਾਨ ਕਰਨ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਅਜਿਹਾ ਹੋ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਨੇ ਲੋੜ ਹੋਣ ਮੌਕੇ ਵਿਦਿਆਰਥੀਆਂ ਨੂੰ ਵਰਦੀਆਂ ਨਹੀਂ ਦਿੱਤੀਆਂ ਤੇ ਹੁਣ ਜਦੋਂ ਸਕੂਲ ਬੰਦ ਹਨ ਤਾਂ ਵਰਦੀਆਂ ਦੇਣ ਲਈ 90 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੇਲੇ ਤਾਂ ਆਪਣੇ ਸਰੋਤ ਇਕੱਠੇ ਕਰ ਕੇ ਕੋਰੋਨਾ ਨਾਲ ਲੜਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ 20 ਹਲਕਿਆਂ ਵਿਚ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਗਈ ਹੈ ਜਦਕਿ 65 ਹਲਕਿਆਂ ਵਿਚ ਕੋਰੋਨਾ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਲੰਗਰ ਸੇਵਾ ਚਲ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੈਕਸੀਨ ਦਾ ਪ੍ਰਬੰਧ ਕਰਨ ਵਿਚ ਸਫਲ ਰਹੀ ਹੈ ਤੇ ਜਲਦੀ ਹੀ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਰਬਜੀਤ ਸਿੰਘ ਮੱਕੜ ਵੀ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਡੇਰਾ ਕੱਥਰ ਵੀ ਗਏ ਜਿਥੇ ਉਨ੍ਹਾਂ ਨੇ ਸੰਤ ਸੁਰਿੰਦਰ ਦਾਸ ਜੀ ਡੇਰਾ ਸੰਤੁਰਾ ਜੱਬਰ ਦੇ ਅਕਾਲ ਚਲਾਣੇ ’ਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਨਾਲ ਅਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਡੇਰਾ ਜੋਹਲਾਂ ਵਿਖੇ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਦੁਕਾਨਾਂ ਖੋਲ੍ਹਣ ਦਾ ਬਦਲਿਆ ਸਮਾਂ, 9 ਤੋਂ 5 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ