ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਵਿਅਕਤੀਗਤ ਲਾਭ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਹਿਤ ਪਿੰਡ ਵਾਸੀ ਆਪਣੇ ਘਰਾਂ ਵਿੱਚ ਮੁਫ਼ਤ ਬਾਇਓ ਗੈਸ ਪਲਾਂਟ ਵੀ ਲਗਵਾ ਸਕਦੇ ਹਨ।
ਇਸ ਨਿਵੇਕਲੀ ਪਹਿਲਕਦਮੀ ਦੇ ਸਬੰਧ ਵਿੱਚ ਅੱਜ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਕੇ ਸਿਵਾ ਪ੍ਰਸਾਦ ਨਾਲ ਮੀਟਿੰਗ ਕੀਤੀ ਅਤੇ ਜਿਸ ਵਿੱਚ ਇਹ ਗੱਲ ਉੱਤੇ ਵਿਚਾਰ ਚਰਚਾ ਹੋਈ ਕਿ ਮਗਨਰੇਗਾ ਲਾਭਪਾਤਰੀਆਂ ਨੂੰ ਜਿਥੇ ਇਸ ਸਕੀਮ ਤਹਿਤ ਬਾਇਓ ਗੈਸ ਪਲਾਂਟ ਦੇ ਨਿਰਮਾਣ ਲਈ ਦਿਹਾੜੀ ਦਿੱਤੀ ਜਾਵੇਗੀ ਉੱਥੇ ਹੀ ਬਾਇਓ ਗੈਸ ਪਲਾਂਟ ਦੇ ਨਿਰਮਾਣ ਲਈ ਰਾਸ਼ੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਸਕੀਮ ਨਾਲ ਜਾਬਧਾਰਕਾਂ ਨੂੰ ਆਪਣੇ ਘਰ ਵਿੱਚ ਦਿਹਾੜੀਆਂ ਦੀ ਰਾਸ਼ੀ ਸਮੇਤ ਕੁੱਲ 38500 ਰੁਪਏ ਦੀ ਲਾਗਤ ਨਾਲ 1 ਕਿਊਬਕ ਮੀਟਰ ਦਾ ਬਾਇਓ ਗੈਸ ਪਲਾਂਟ ਬਣਾਕੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲਾਭਪਾਤਰੀ ਬਾਇਓ ਗੈਸ ਨੂੰ ਖਾਣਾ ਬਣਾਉਣ ਲਈ ਵਰਤ ਸਕੇਗਾ।
ਮੁੱਖ ਸਕੱਤਰ ਨੇ ਕਿਹਾ ਕਿ ਬਾਇਓ ਗੈਸ ਇੱਕ ਸਾਫ਼, ਪ੍ਰਦੂਸ਼ਣ ਰਹਿਤ ਅਤੇ ਸਸਤਾ ਈਂਧਨ ਹੈ। ਇਹ ਪਸ਼ੂਆਂ ਦੇ ਗੋਬਰ, ਫਸਲਾਂ ਦੀ ਰਹਿੰਦ-ਖੂੰਹਦ, ਸਬਜ਼ੀਆਂ ਦੇ ਛਿਲਕਿਆਂ, ਵਾਧੂ/ਖਰਾਬ ਹੋਈਆਂ ਸਬਜ਼ੀਆਂ ਅਤੇ ਕਿਸੇ ਵੀ ਕਿਸਮ ਦੇ ਮਲ ਤੋਂ ਪੈਦਾ ਹੋਣ ਵਾਲੀ ਨਵਿਆਉਣਯੋਗ ਊਰਜਾ ਦਾ ਸਰੋਤ ਹੈ ਜੋ ਕਿ ਮਨਰੇਗਾ ਲਾਭਪਾਤਰੀਆਂ ਨੂੰ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖਾਣਾ ਪਕਾਉਣ ਲਈ ਬਾਇਓ ਗੈਸ ਉਪਲਬਧ ਹੋਵੇਗੀ ਜੋ ਪ੍ਰਦੂਸ਼ਣ ਰਹਿਤ ਵੀ ਹੈ ਅਤੇ ਇਸ ਦੇ ਨਾਲ ਬਾਇਓਗੈਸ ਪਲਾਂਟ ਤੋਂ ਨਿਕਲਣ ਵਾਲੀ ਰਹਿੰਦ-ਖੂੰਹਦ ਨੂੰ ਖੇਤੀ ਲਈ ਖਾਦ ਵਜੋਂ ਵੀ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਖਾਦ ਨਾਲੋਂ ਵੀ ਵਧੇਰੇ ਗੁਣ ਹਨ।
ਮੁੱਖ ਸਕੱਤਰ ਜੰਜੂਆ ਨੇ ਕਿਹਾ ਕਿ ਬਾਇਓ ਗੈਸ ਤਕਨੀਕ ਆਮ ਵਰਤੋਂ ਵਿੱਚ ਆਉਣ ਵਾਲੇ ਬਾਲਣ ਜਿਵੇਂ ਕਿ ਲੱਕੜ, ਮਿਟੀ ਦਾ ਤੇਲ ਅਤੇ ਐਲ.ਪੀ.ਜੀ. ਗੈਸ ਦੇ ਖਰਚੇ ਨੂੰ ਬਚਾਉਂਦੀ ਹੈ, ਇਸਦੇ ਨਾਲ ਹੀ ਲੱਕੜ, ਮਿੱਟੀ ਦੇ ਤੇਲ ਤੋਂ ਪੈਦਾ ਹੋਣ ਵਾਲੀਆਂ ਨੁਕਾਸਦਾਇਕ ਗੈਸਾਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਇਸਦੀ ਵਰਤੋਂ ਨਾਲ ਛੁਟਕਾਰਾ ਮਿਲਦਾ ਹੈ।
ਉਨ੍ਹਾਂ ਦੱਸਿਆ ਕਿ ਹਰ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਮਨਰੇਗਾ ਸਕੀਮ ਤਹਿਤ ਜੌਬ ਕਾਰਡ ਬਣ ਚੁੱਕੇ ਹਨ, ਨੂੰ ਪੇਂਡੂ ਵਿਕਾਸ ਵਿਭਾਗ ਵੱਲੋਂ ਬਾਇਓ ਗੈਸ ਪਲਾਂਟ ਦੀ ਉਸਾਰੀ ਮੁਫ਼ਤ ਦਿੱਤੀ ਜਾਵੇਗੀ। ਵਿਭਾਗ ਵੱਲੋਂ ਲੋਕਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਮੁਹਿੰਮ ਵੀ ਚਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਪੇਂਡੂ ਪਰਿਵਾਰ ਆਪਣੇ ਘਰਾਂ ਵਿੱਚ ਬਾਇਓ ਗੈਸ ਪਲਾਂਟ ਲਗਾ ਸਕਣ।
ਵੀਡੀਓ ਲਈ ਕਲਿੱਕ ਕਰੋ -: