ਨਵੀਂ ਦਿੱਲੀ : ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਖਤਮ ਹੋ ਗਿਆ ਹੈ। ਫੋਰੈਂਸਿਕ ਸਾਇੰਸ ਲੈਬ ਦੇ ਅਸਿਸਟੈਂਟ ਡਾਇਰੈਕਟਰ ਸੰਜੀਵ ਗੁਪਤਾ ਨੇ ਦੱਸਿਆ ਕਿ ਪੋਲੀਗ੍ਰਾਫ਼ ਟੈਸਟ ਤੋਂ ਬਾਅਦ ਨਾਰਕੋ ਟੈਸਟ ਵਿੱਚ ਵੀ ਆਫਤਾਬ ਨੇ ਸ਼ਰਧਾ ਨੂੰ ਮਾਰਨ ਦੀ ਗੱਲ ਕਬੂਲੀ ਹੈ। ਮੀਡੀਆ ਰਿਪੋਰਟ ਮੁਤਾਬਕ ਉਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼ਰਧਾ ਦਾ ਮੋਬਾਈਲ ਅਤੇ ਕੱਪੜੇ ਕਿੱਥੇ ਸੁੱਟੇ ਗਏ ਸਨ।
ਦਿੱਲੀ ਪੁਲਸ ਆਫਤਾਬ ਨੂੰ ਸਵੇਰੇ 8.40 ਵਜੇ ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲੈ ਗਈ, ਜਿੱਥੇ ਟੈਸਟ ਤੋਂ ਪਹਿਲਾਂ ਉਸ ਦਾ ਜਨਰਲ ਚੈਕਅੱਪ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਹ ਟੈਸਟ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਕਰੀਬ ਦੋ ਘੰਟੇ ਬਾਅਦ ਸਮਾਪਤ ਹੋਇਆ।
ਜਾਣਕਾਰੀ ਮੁਤਾਬਕ ਆਫਤਾਬ ਨੇ ਟੈਸਟ ‘ਚ ਪੁੱਛੇ ਗਏ ਜ਼ਿਆਦਾਤਰ ਸਵਾਲਾਂ ਦੇ ਜਵਾਬ ਅੰਗਰੇਜ਼ੀ ‘ਚ ਦਿੱਤੇ। ਸੰਜੀਵ ਗੁਪਤਾ ਨੇ ਦੱਸਿਆ ਕਿ ਨਾਰਕੋ ਟੈਸਟ ਦੌਰਾਨ ਮਨੋਵਿਗਿਆਨੀ, ਫੋਰੈਂਸਿਕ ਲੈਬ ਰੋਹਿਣੀ ਦੇ ਫੋਟੋ ਮਾਹਿਰ ਅਤੇ ਅੰਬੇਡਕਰ ਹਸਪਤਾਲ ਦੇ ਡਾਕਟਰ ਹਾਜ਼ਰ ਸਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ‘ਚ ਮਾਹੌਲ ਵਿਗਾੜਣ ਦੀ ਕੋਸ਼ਿਸ਼, BDPO ਦਫਤਰ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
ਜਾਂਚ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਬਹੁਤ ਚਲਾਕ ਹੈ ਅਤੇ ਕਿਸੇ ਵੀ ਸਮੇਂ ਕੇਸ ਵਿੱਚ ਨਵਾਂ ਮੋੜ ਲਿਆ ਸਕਦਾ ਹੈ। ਹੁਣ ਤੱਕ ਉਹ ਪੁਲਿਸ ਦਾ ਕਹਿਣਾ ਮੰਨ ਰਿਹਾ ਹੈ ਅਤੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਉਹ ਪੋਲੀਗ੍ਰਾਫ਼ ਅਤੇ ਨਾਰਕੋ ਟੈਸਟ ਲਈ ਵੀ ਰਾਜ਼ੀ ਹੋ ਗਿਆ। ਆਫਤਾਬ ਦੇ ਚੰਗੇ ਵਿਵਹਾਰ ‘ਤੇ ਪੁਲਿਸ ਨੂੰ ਵੀ ਸ਼ੱਕ ਹੈ।
ਜਾਣਕਾਰੀ ਅਨੁਸਾਰ ਆਫਤਾਬ ਪੁੱਛਗਿੱਛ ਦੌਰਾਨ ਕਾਫੀ ਆਤਮਵਿਸ਼ਵਾਸ ਵਾਲਾ ਸੀ। ਉਸਨੇ ਬਹੁਤ ਜਲਦੀ ਅਤੇ ਆਰਾਮ ਨਾਲ ਜਵਾਬ ਦਿੱਤਾ ਜਿਵੇ ਕਿ ਉਹ ਆਪਣੇ ਜਵਾਬ ਪਹਿਲਾਂ ਹੀ ਸੋਚ ਸਮਝ ਕੇ ਦੇ ਰਿਹਾ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਸਤੰਬਰ-ਅਕਤੂਬਰ ‘ਚ ਜਦੋਂ ਆਫਤਾਬ ਨੂੰ ਮੁੰਬਈ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ ਤਾਂ ਸ਼ਰਧਾ ਦੇ ਕੁਝ ਅੰਗ ਉਸ ਦੇ ਦਿੱਲੀ ਦੇ ਫਲੈਟ ‘ਚ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: