ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਵਿੱਚ ਇੱਕ ਕਲਯੁਗੀ ਪੁੱਤ ਨੇ ਕਰੰਟ ਲਾ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਫਿਰ ਬਿਨਾਂ ਕਿਸੇ ਨੂੰ ਦੱਸੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਪੁਲਿਸ ਨੇ ਦੋਸ਼ੀ ਪੁੱਤ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਧਾਰੀਵਾਲ ਥਾਣੇ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਸਿੰਘ ਦੇ ਪੁੱਤਰ ਰਛਪਾਲ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੀ ਮਾਂ ਦੀ ਸਾਲ 2019 ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸਦੇ ਪਿਤਾ ਨੇ ਆਪਣੀ 12 ਏਕੜ ਜ਼ਮੀਨ ਸਾਡੇ ਦੋਵਾਂ ਭਰਾਵਾਂ ਮੇਰੇ ਅਤੇ ਹਰਪਾਲ ਸਿੰਘ ਦੇ ਨਾਂ ‘ਤੇ ਦਿੱਤੀ, ਪਰ ਉਸ ਦਾ ਭਰਾ ਹਰਪਾਲ ਸਿੰਘ ਪਿਤਾ ਦੀ ਦੇਖਭਾਲ ਨਹੀਂ ਕਰਦਾ ਸੀ। ਇਸ ਰਵੱਈਏ ਨੂੰ ਵੇਖਦਿਆਂ 7-8 ਮਹੀਨੇ ਪਹਿਲਾਂ ਉਹ ਆਪਣੇ ਪਿਤਾ ਨੂੰ ਆਪਣੇ ਨਾਲ ਮੁਹਾਲੀ ਲੈ ਆਇਆ।
ਉਸ ਨੇ ਅੱਗੇ ਦੱਸਿਆ ਕਿ 13 ਜੁਲਾਈ ਨੂੰ ਉਸ ਦੇ ਪਿਤਾ ਪਿੰਡ ਜ਼ਫਰਵਾਲ ਆਇਆ ਸੀ ਅਤੇ 15 ਜੁਲਾਈ ਨੂੰ ਇਕ ਜਾਣਕਾਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਰਾਤ ਨੂੰ ਮੌਤ ਹੋ ਗਈ ਸੀ। ਜਦੋਂ ਉਹ ਵੇਖਣ ਲਈ ਪਿੰਡ ਆਇਆ ਤਾਂ ਉਸ ਦੇ ਮਾਮੇ ਦੇ ਲੜਕੇ ਨੇ ਦੱਸਿਆ ਕਿ 14 ਜੁਲਾਈ ਨੂੰ ਉਸ ਦੇ ਭਰਾ ਹਰਪਾਲ ਦੀ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ‘ਤੇ ਉਸਨੇ ਤਰਸੇਮ ਸਿੰਘ ਦੇ ਪੈਰਾਂ ਨੂੰ ਪੱਖੇ ਦੀ ਤਾਰ ਨਾਲ ਬੰਨ੍ਹ ਕੇ ਉਸ ਵਿੱਚ ਕਰੰਟ ਛੱਡ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਹਰਪਾਲ ਸਿੰਘ ਨੇ ਕਿਸੇ ਨੂੰ ਦੱਸੇ ਬਿਨਾਂ ਰਾਤ ਨੂੰ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਰਛਪਾਲ ਦੇ ਬਿਆਨਾਂ ਦੇ ਅਧਾਰ ‘ਤੇ ਉਸ ਦੇ ਭਰਾ ਹਰਪਾਲ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਲੁਧਿਆਣਾ ‘ਚ ਕੋਰੋਨਾ ਕੇਸਾਂ ਨੂੰ ਲੱਗੀ ਬ੍ਰੇਕ, ਸਿਰਫ 10 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ