Punjab Congress in-charge : ਜਲੰਧਰ : ਪੰਜਾਬ ਕਾਂਗਰਸ ਦੇ ਕੇਂਦਰੀ ਇੰਚਾਰਜ ਹਰੀਸ਼ ਰਾਵਤ ਮੰਗਲਵਾਰ ਨੂੰ ਨਕੋਦਰ ‘ਚ ਹੋਣ ਵਾਲੀ ਟਰੈਕਟਰ ਰੈਲੀ ‘ਚ ਹਿੱਸਾ ਲੈਣ ਲਈ ਪਹੁੰਚ ਗਏ ਹਨ। ਉਹ ਇਥੇ ਲਗਭਗ 2 ਘੰਟੇ ਦੇਰੀ ਨਾਲ ਪੁੱਜੇ। ਰੈਲੀ ਦਾ ਆਯੋਜਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਕੀਤਾ ਜਾ ਰਿਹਾ ਹੈ। ਹਰੀਸ਼ ਰਾਵਤ ਬਾਅਦ ‘ਚ ਕਾਂਗਰਸ ਭਵਨ ‘ਚ ਜਲੰਧਰ ਸ਼ਹਿਰੀ ਤੇ ਦਿਹਾਤੀ ਦੇ ਵਰਕਰਾਂ ਨਾਲ ਮੁਲਾਕਾਤ ਕਰਨਗੇ।
ਇਥੇ ਇਹ ਦੱਸਣਯੋਗ ਹੈ ਕਿ ਹਰੀਸ਼ ਰਾਵਤ ਇੱਕ ਵਾਰ ਫਿਰ ਪੰਜਾਬ ਦੇ ਤਿੰਨ ਦਿਨਾ ਦੌਰੇ ‘ਤੇ ਆਏ ਹਨ ਅਤੇ ਇਸ ਦੌਰਾਨ ਉਹ ਟਰੈਕਰ ਰੈਲੀ ‘ਚ ਹਿੱਸਾ ਲੈਣਗੇ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਦੌਰੇ ਦੌਰਾਨ ਉਨ੍ਹਾਂ ਦੇ ਤੈਅ ਹੋਏ ਪ੍ਰੋਗਰਾਮ ਅਧੀਨ ਸੋਮਵਾਰ ਨੂੰ ਸਵੇਰੇ ਪਹਿਲਾਂ ਉਹ ਲੁਧਿਆਣਾ ਵਿਖੇ ਗਏ, ਜਿਥੇ ਦੁਪਹਿਰ 1 ਵਜੇ ਪਹਿਲਾਂ ਤੋਂ ਹੀ ਰੱਖੇ ਗਏ ਸੂਬਾ ਮਹਿਲਾ ਕਾਂਗਰਸ ਵੱਲੋਂ ਕਰਵਾਏ ਜਾ ਰਹੇ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਹ 3 ਤੋਂ 6 ਵਜੇ ਤੱਕ ਕਾਂਗਰਸ ਵਰਕਰਾਂ ਨਾਲ ਮੁਲਾਕਾਤ ਕਰਨਗੇ। ਸੋਮਵਾਰ ਰਾਤ ਉਹ ਲੁਧਿਆਣਾ ਹੀ ਰਹੇ ਅਤੇ ਮੰਗਲਵਾਰ ਸਵੇਰੇ ਜਲੰਧਰ ਵਿਖ਼ੇ ਸੂਬਾ ਕਾਂਗਰਸ ਵੱਲੋਂ ਰੱਖੀ ਗਈ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ, ਜੋਕਿ 11 ਵਜੇ ਸ਼ੁਰੂ ਕੀਤੀ ਜਾਵੇਗੀ।
ਇਸੇ ਦੌਰਾਨ ਦੁਪਹਿਰ 2 ਵਜੇ ਤੋਂ 5 ਵਜੇ ਤਕ ਉਹ ਜਲੰਧਰ ਕਾਂਗਰਸ ਦਫ਼ਤਰ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਉਹ ਚੰਡੀਗੜ੍ਹ ਲਈ ਰਵਾਨਾ ਹੋਣਗੇ। ਮੰਗਲਵਾਰ ਨੂੰ ਰਾਵਤ ਚੰਡੀਗੜ੍ਹ ਪਹੁੰਚਣਗੇ ਜਿਥੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਬਾਅਦ ਬੁੱਧਵਾਰ ਨੂੰ ਉਹ ਫ਼ਿਰ ਲੁਧਿਆਣਾ ਵਿੱਚ ਪਹੁੰਚ ਕੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਰਾਵਤ ਕਾਂਗਰਸ ਵਿੱਚ ਪਈ ਫੁੱਟ ਨੂੰ ਹੱਲ ਕਰਨ ਦੇ ਮਕਸਦ ਨਾਲ ਅਤੇ ਰਾਹੁਲ ਗਾਂਧੀ ਵਾਲੀ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨ ਪੰਜਾਬ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਾਂਗਰਸ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕੀਤਾ ਸੀ, ਹਾਲਾਂਕਿ ਇਸ ਰੈਲੀ ਵਿੱਚ ਸਿੱਧੂ ਤੇ ਕਾਂਗਰਸ ਸਰਕਾਰ ਵਿਚਾਲੇ ਮੁੜ ਮਤਭੇਦ ਹੋ ਗਏ ਸਨ। ਰਾਵਤ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਵਿੱਚ ਆਏ ਮਤਭੇਦਾਂ ਨੂੰ ਦੂਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।