Facebook Spying on Instagram: Facebook ਅੱਜ ਕੱਲ੍ਹ ਲਗਾਤਾਰ ਵਿਵਾਦਾਂ ਨਾਲ ਘਿਰਿਆ ਹੋਇਆ ਹੈ। ਇੱਕ ਵਾਰ ਫਿਰ ਫੇਸਬੁੱਕ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ । ਰਿਪੋਰਟਾਂ ਅਨੁਸਾਰ ਫੇਸਬੁੱਕ ‘ਤੇ ਕਥਿਤ ਤੌਰ ‘ਤੇ ਇੰਸਟਾਗ੍ਰਾਮ ਉਪਭੋਗਤਾਵਾਂ ਦੀ ਜਾਸੂਸੀ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਇੱਕ ਰਿਪੋਰਟ ਅਨੁਸਾਰ ਨਿਊ ਜਰਸੀ ਦੀ ਇੱਕ ਇੰਸਟਾਗ੍ਰਾਮ ਉਪਭੋਗਤਾ ਨੇ ਫੇਸਬੁੱਕ ‘ਤੇ ਕੇਸ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਕੰਪਨੀ ਬਿਨ੍ਹਾਂ ਇਜਾਜ਼ਤ ਦੇ ਇੰਸਟਾਗ੍ਰਾਮ ਉਪਭੋਗਤਾਵਾਂ ਦੇ ਫੋਨ ਕੈਮਰੇ ਐਕਸੈਸ ਕਰਦੀ ਹੈ। ਜਦੋਂ ਕਿ ਕੈਮਰੇ ਦੀ ਵਰਤੋਂ ਵੀ ਉਪਭੋਗਤਾ ਵੱਲੋਂ ਉਸ ਸਮੇਂ ਨਹੀਂ ਕੀਤੀ ਜਾ ਰਹੀ ਹੁੰਦੀ। ਕੰਪਨੀ ਅਜਿਹਾ ਡਾਟਾ ਇਕੱਠਾ ਕਰਨ ਲਈ ਕਰਦੀ ਹੈ। ਦੱਸ ਦਈਏ ਕਿ ਇਹ ਮੁਕੱਦਮਾ ਸੈਨ ਫਰਾਂਸਿਸਕੋ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਹ ਮਾਮਲਾ ਇਸ ਸਾਲ ਜੁਲਾਈ ਦੀ ਰਿਪੋਰਟ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਫੇਸਬੁੱਕ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਫੇਸਬੁੱਕ ਦੀ ਮਲਕੀਅਤ ਵਾਲਾ ਇੰਸਟਾਗ੍ਰਾਮ ਵਰਤੋਂ ਵਿੱਚ ਨਾ ਆਉਣ ਦੇ ਬਾਵਜੂਦ ਆਈਫੋਨ ਦੇ ਕੈਮਰੇ ਤੱਕ ਪਹੁੰਚ ਕਰਦਾ ਹੈ। ਹਾਲਾਂਕਿ, ਫੇਸਬੁੱਕ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਐਪ ਵਿੱਚ ਹੋਏ ਇੱਕ ਬੱਗ ਕਾਰਨ ਸੀ ਜਿਸ ਨੇ ਕਥਿਤ ਤੌਰ ‘ਤੇ ਉਪਭੋਗਤਾਵਾਂ ਨੂੰ ਗਲਤ ਸੂਚਨਾਵਾਂ ਦਿੱਤੀਆਂ ਸਨ।
ਜ਼ਿਕਰਯੋਗ ਹੈ ਕਿ ਫੇਸਬੁੱਕ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਉਲਝਿਆ ਹੋਇਆ ਜਾਪਦਾ ਹੈ। ਪਿਛਲੇ ਮਹੀਨੇ ਹੀ ਫੇਸਬੁੱਕ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਫੇਸਬੁੱਕ ‘ਤੇ ਦੋਸ਼ ਲਾਇਆ ਗਿਆ ਸੀ ਕਿ ਕੰਪਨੀ 100 ਮਿਲੀਅਨ ਇੰਸਟਾਗ੍ਰਾਮ ਉਪਭੋਗਤਾਵਾਂ ਦੇ ਬਾਇਓਮੈਟ੍ਰਿਕ ਡੇਟਾ ਨੂੰ ਗਲਤ ਤਰੀਕੇ ਨਾਲ ਚੋਰੀ ਕਰਨ ਲਈ ਚਿਹਰੇ ਦੀ ਪਛਾਣ ਤਕਨਾਲੋਜੀ ਦੀ ਵਰਤੋਂ ਕਰਦੀ ਹੈ। ਇਸ ਦੋਸ਼ ਨੂੰ ਵੀ ਕੰਪਨੀ ਨੇ ਰੱਦ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇੰਸਟਾਗ੍ਰਾਮ ਕਿਸੇ ਚਿਹਰੇ ਦੀ ਪਛਾਣ ਤਕਨਾਲੋਜੀ ਦੀ ਵਰਤੋਂ ਨਹੀਂ ਕਰਦਾ ਹੈ।