Sukhjinder Randhawa joins Raja : ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਕਰਨ ਅਵਤਾਰ ਸਿੰਘ ਨੂੰ ਫਾਈਨਾਂਸ਼ੀਅਲ ਕਮਿਸ਼ਨਰ, ਐਕਸਾਈਜ਼ ਐਂਡ ਟੈਕਸੇਸ਼ਨ ਦੇ ਅਹੁਦੇ ਤੋਂ ਹਟਵਾਉਣ ਦੇ ਫੈਸਲੇ ਨਾਲ ਅਜੇ ਵੀ ਉਨ੍ਹਾਂ ਦਾ ਵਿਰੋਧ ਕਰ ਰਹੇ ਮੰਤਰੀਆਂ ਅਤੇ ਵਿਧਾਇਕ ਦੀ ਤਸੱਲੀ ਨਹੀਂ ਹੋ ਰਹੀ। ਪਹਿਲਾਂ ਹੀ ਮੁੱਖ ਸਕੱਤਰ ਖਿਲਾਫ ਉਨ੍ਹਾਂ ਦੇ ਸ਼ਰਾਬ ਕਾਰੋਬਾਰੀਆਂ ਨਾਲ ਸਬੰਧਾਂ ਨੂੰ ਲੈ ਕੇ ਤਿੱਖੇ ਹਮਲੇ ਕਰ ਰਹੇ ਰਾਜਾ ਵੜਿੰਗ ਨੇ ਅੱਜ ਫਿਰ ਟਵਿੱਟਰ ਦੇ ਮੈਦਾਨ ਵਿਚ ਨਵਾਂ ਹੱਲਾ ਕੀਤਾ ਹੈ।
ਦੱਸਣਯੋਗ ਹੈ ਕਿ ਅੱਜ ਤਾਜ਼ਾ ਕੀਤੇ ਟਵੀਟ ਵਿਚ ਮੁੱਖ ਸਕੱਤਰ ’ਤੇ ਹਮਲਾ ਕਰਦੇ ਹੋਏ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਖਿਲਾਫ ਸ਼ਰਾਬ ਮਾਮਲੇ ਵਿਚ 600 ਕਰੋੜ ਰੁਪਏ ਦੇ ਘਾਟੇ ਸਬੰਧੀ ਜਾਂਚ ਦੇ ਹੁਕਮ ਵੀ ਦੇਣ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਤੋਂ ਇਹ ਮੰਗ ਵੀ ਕੀਤੀ ਹੈ ਕਿ ਉਹ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਉਣ ਤਾਂਜੋ ਉਹ ਉਨ੍ਹਾਂ ਖਿਲਾਫ ਕਰਵਾਏ ਜਾਣ ਵਾਲੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ।
ਦੱਸਣਯੋਗ ਹੈ ਕਿ ਹੁਣ ਰਾਜਾ ਵੜਿੰਗ ਨਾਲ ਸੁਖਜਿੰਦਰ ਸਿੰਘ ਰੰਧਾਵਾ ਵੀ ਮੈਦਾਨ ਵਿਚ ਉਤਰ ਆਏ ਹਨ। ਉਨ੍ਹਾਂ ਵੀ ਅੱਜ ਮੁੱਖ ਸਕੱਤਰ ’ਤੇ ਹਮਲਾ ਕਰਦਿਆਂ ਟਵਿੱਟਰ ’ਤੇ ਰਾਜਾ ਵੜਿੰਗ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਉਨ੍ਹਾਂ ਦੀ ਮੰਗ ਦੀ ਪੈਰਵੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸੁਖਜਿੰਦਰ ਰੰਧਾਵਾ ਨੇ ਆਪਣੇ ਟਵੀਟ ਵਿਚ ਕਿਹਾ ਕਿ ਉਹ ਰਾਜਾ ਵੜਿੰਗ ਦੀ ਗੱਲ ਨਾਲ ਸਹਿਮਤ ਹਨ ਅਤੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਮੁੱਖ ਸਕੱਤਰ ਖਿਲਾਫ ਜਾਂਚ ਦੇ ਹੁਕਮ ਦੇਣ ਤਾਂਕਿ ਆਬਕਾਰੀ ਅਤੇ ਕਰ ਵਿਭਾਗ ਵਿਚ ਪਿਛਲੇ 3 ਸਾਲਾਂ ਵਿਚ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।