The woman died while being taken to : ਪਠਾਨਕੋਟ ਵਿਖੇ ਸਿਹਤ ਵਿਭਾਗ ਦੀ ਢਿੱਲੀ ਕਾਰਜ ਪ੍ਰਣਾਲੀ ਦੇ ਚੱਲਦਿਆਂ ਇਕ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਐਂਬੂਲੈਂਸ ਨਾ ਆਉਣ ਕਾਰਨ ਪੁੱਤਰ ਆਪਣੀ ਮਾਂ ਨੂੰ ਰੇਹੜੀ ’ਤੇ ਹੀ ਹਸਪਤਾਲ ਲਿਜਾਣ ਲਈ ਮਜਬੂਰ ਹੋ ਗਿਆ ਪਰ ਰਸਤੇ ਵਿਚ ਹੀ ਉਸ ਦੀ ਮਾਂ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਮਾਮਲਾ ਸਥਾਨਕ ਸ਼ਹਿਰ ਦੇ ਮੁਹੱਲਾ ਰਾਮਪੁਰਾ ਦਾ ਹੈ ਜਿਥੇ 80 ਸਾਲਾ ਔਰਤ ਸੀਤਾ ਦੇਵੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ 108 ਨੰਬਰ ਐੰਬੂਲੈਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਹਸਪਤਾਲ ਪਹੁੰਚਾਉਣ ਦੀ ਗੁਹਾਰ ਲਗਾਈ।
ਔਰਤ ਦੇ ਬੇਟੇ ਰਜਿੰਦਰ ਜਿੰਦੀ ਨੇ ਦੋਸ਼ ਲਗਾਇਆ ਕਿ 108 ਨੰਬਰ ’ਤੇ ਫੋਨ ਕਰਨ ’ਤੇ ਉਸ ਕੋਲੋਂ ਕਈ ਸਵਾਲ ਪੁੱਛੇ ਗਏ। ਪੂਰੀ ਡਿਟੇਲ ਦੇਣ ਦੇ ਬਾਵਜੂਦ ਵੀ ਪੌਣੇ ਘੰਟੇ ਤੱਕ ਐਂਬੂਲੈਂ ਨਹੀਂ ਪਹੁੰਚੀ। ਉਸ ਤੋਂ ਬਾਅਦ ਉਸ ਨੇ ਕਈ ਵਾਰ ਫੋਨ ਕੀਤਾ ਪਰ ਹਰ ਵਾਰ ਛੇਤੀ ਹੀ ਐਂਬੂਲੈਂਸ ਭੇਜਣ ਦਾ ਭਰੋਸਾ ਦਿੱਤਾ ਗਿਆ। ਇਕ ਘੰਟੇ ਬਾਅਦ ਆਪ੍ਰੇਟਰ ਨੇ ਕਿਹਾ ਕਿ ਇਸ ਸਮੇਂ ਐਂਬੂਲੈਂਸ ਬਿਜ਼ੀ ਹੈ, ਅਜੇ ਸਮਾਂ ਲੱਗ ਜਾਏਗਾ। ਇਸ ’ਤੇ ਮਜਬੂਰ ਹੋ ਕੇ ਉਹ ਆਪਣੀ ਬੀਮਾਰ ਮਾਂ ਨੂੰ ਰੇਹੜੀ ’ਤੇ ਲੱਦ ਕੇ ਨਿਕਲ ਗਿਆ ਪਰ ਰਸਤੇ ਵਿਚ ਹੀ ਉਸ ਦੀ ਮਾਂ ਨੇ ਦਮ ਤੋੜ ਦਿੱਤਾ।
ਰਜਿੰਦਰ ਨੇ ਦੱਸਿਆ ਕਿ ਪਿਛਲੇ ਮਹੀਨੇ ਉਸ ਦੇ ਭਤੀਜੇ ਦੇ ਪੇਟ ਵਿਚ ਦਰਦ ਹੋਇਆ। ਉਹ ਆਪਣੇ ਭਤੀਜੇ ਨੂੰ ਲੈ ਕੇ 4-5 ਪ੍ਰਾਈਵੇਟ ਅਤੇ ਫਿਰ ਸਰਕਾਰੀ ਹਸਪਤਾਲਾਂ ’ਚ ਗਿਆ ਪਰ ਕਿਸੇ ਨੇ ਵੀ ਉਸ ਦਾ ਇਲਾਜ ਨਹੀਂ ਕੀਤਾ। ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਤੋਂ ਸਾਫ ਇਨਕਾਰ ਕਰ ਦਿੱਤਾ, ਜਦਿਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਚੈਕਅਪ ਕੀਤੇ ਬਿਨਾਂ ਹੀ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ। ਰਜਿੰਦਰ ਨੇ ਕਿਹਾ ਕਿ ਬੱਚੇ ਦੀ ਮੌਤ ਦੇ ਸਦਮੇ ਤੋਂ ਅਜੇ ਪਰਿਵਾਰ ਬਾਹਰ ਵੀ ਨਹੀਂ ਆਇਆ ਸੀ ਕਿ ਸਿਹਤ ਵਿਭਾਗ ਦੀ ਲਾਪਰਵਾਹੀ ਨਾਲ ਮਾਂ ਦੀ ਵੀ ਮੌਤ ਹੋ ਗਈ। ਇਸ ਬਾਰੇ ਸਿਵਲ ਸਰਜਨ ਪਠਾਨੋਕਟ ਵਿਨੋਦ ਸਰੀਨ ਦਾ ਕਹਿਣਾ ਹੈ ਕਿ ਐਂਬੂਲੈਂਸ 108 ਸਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ। ਅਸੀਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਸਕਦੇ। ਪਰਿਵਾਰ ਵਾਲੇ ਚਾਹੁਣ ਤਾਂ ਅੰਮ੍ਰਿਤਸਰ ਸਥਿਤ ਹੈੱਡ ਆਫਿਸ ਵਿਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ।