ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਫਿਲਮੀ ਸ਼ਖਸੀਅਤ ਵਰਿੰਦਰ ਸਿੰਘ ਘੁੰਮਣ ਦਾ ਕੱਲ੍ਹ ਸ਼ਾਮ ਦਿਹਾਂਤ ਹੋ ਗਿਆ। ਵੀਰਵਾਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਨੇੜਲੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਘੁੰਮਣ ਦਾ ਸਰੀਰ ਨੀਲਾ ਹੋ ਗਿਆ ਸੀ, ਜਦਕਿ ਉਹ ਫੋਰਟਿਸ ਵਿੱਚ ਮੋਢੇ ਦੇ ਇੱਕ ਛੋਟੇ ਜਿਹੇ ਆਪ੍ਰੇਸ਼ਨ ਲਈ ਆਇਆ ਸੀ।
ਇਸ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਡਾ. ਰੋਮੀ ਨੇ ਕਿਹਾ ਕਿ ਹਸਪਤਾਲ ਜਲਦੀ ਹੀ ਘੁੰਮਣ ਸੰਬੰਧੀ ਇੱਕ ਮੈਡੀਕਲ ਬੁਲੇਟਿਨ ਜਾਰੀ ਕਰੇਗਾ। ਇਸ ਦੌਰਾਨ ਵੀਰਵਾਰ ਸ਼ਾਮ ਨੂੰ ਵਰਿੰਦਰ ਘੁੰਮਣ ਦੇ ਦੋਸਤਾਂ ਦੀ ਬਹਿਸ ਹੋ ਗਈ। ਦੋਸਤ ਅਨਿਲ ਗਿੱਲ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ। ਉਸ ਨੇ ਹਸਪਤਾਲ ਪ੍ਰਸ਼ਾਸਨ ‘ਤੇ ਘੁੰਮਣ ਦੀ ਫਾਈਲ ਨੂੰ ਇਧਰ-ਉਧਰ ਕਰਨ ਦਾ ਵੀ ਦੋਸ਼ ਲਗਾਇਆ। ਇਸ ਦੌਰਾਨ ਡਾਕਟਰਾਂ ਨੇ ਘੁੰਮਣ ਨਾਲ ਕੀ-ਕੀ ਹੋਇਆ ਇਸ ਬਾਰੇ ਜਾਣਕਾਰੀ ਦੋਸਤਾਂ ਨਾਲ ਸ਼ੇਅਰ ਕੀਤੀ।

ਡਾ. ਅਨਿਕੇਤ, ਜੋ ਆਪ੍ਰੇਸ਼ਨ ਦੌਰਾਨ ਅਤੇ ਰਿਕਵਰੀ ਦੌਰਾਨ ਵਰਿੰਦਰ ਘੁੰਮਣ ਦੇ ਨਾਲ ਸਨ, ਨੇ ਅਨਿਲ ਗਿੱਲ ਨੂੰ ਦੱਸਿਆ ਉਹ ਆਪ੍ਰੇਸ਼ਨ ਦੌਰਾਨ ਅਤੇ ਰਿਕਵਰੀ ਰੂਮ ਵਿੱਚ ਵਰਿੰਦਰ ਘੁੰਮਣ ਦੇ ਨਾਲ ਸੀ। ਵਰਿੰਦਰ ਘੁੰਮਣ ਨੂੰ ਆਪ੍ਰੇਸ਼ਨ ਦੌਰਾਨ ਦਿਲ ਦਾ ਦੌਰਾ ਪਿਆ। ਆਪ੍ਰੇਸ਼ਨ ਦੌਰਾਨ ਦਿੱਤੀਆਂ ਗਈਆਂ ਸਾਰੀਆਂ ਦਵਾਈਆਂ ਫਾਈਲ ਵਿੱਚ ਦਰਜ ਹਨ।
ਵਰਿੰਦਰ ਘੁੰਮਣ ਆਪ੍ਰੇਸ਼ਨ ਦੌਰਾਨ ਰਿਵਾਈਵ ਕਰ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਰਿਕਵਰੀ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ। ਆਪ੍ਰੇਸ਼ਨ ਤੋਂ ਬਾਅਦ ਦੂਜਾ ਅਟੈਕ ਰਿਕਵਰੀ ਰੂਮ ਵਿੱਚ ਆਇਆ। ਉਸ ਵੇਲੇ ਵੀ ਉਸ ਨੂੰ ਰਿਵਾਈਵ ਕਰਨ ਲਈ ਦਵਾਈਆਂ ਦਿੱਤੀਆਂ ਗਈਆਂ, ਪਰ ਉਹ ਰਿਕਵਰ ਨਹੀਂ ਕਰ ਸਕਿਆ। ਡਾਕਟਰਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਫਾਈਲ ਇਲਾਜ ਤੋਂ ਬਾਅਦ ਫਿਲ ਕੀਤੀ ਗਈ ਸੀ।

ਜਦੋਂ ਵਰਿੰਦਰ ਘੁੰਮਣ ਦੇ ਦੋਸਤਾਂ ਨੇ ਆਪ੍ਰੇਸ਼ਨ ਥੀਏਟਰ ਦੀ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਸਾਫ਼ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਥੀਏਟਰ ਵਿੱਚ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ। ਫਿਰ ਉਹਨਾਂ ਨੇ ਆਪ੍ਰੇਸ਼ਨ ਥੀਏਟਰ ਦੇ ਬਾਹਰ ਦੀ ਵੀਡੀਓ ਦੀ ਮੰਗ ਕੀਤੀ। ਹਾਲਾਤ ਵਿਗੜਦੇ ਵੇਖ ਪ੍ਰਸ਼ਾਸਨ ਉਨ੍ਹਾਂ ਨੂੰ ਸੀਸੀਟੀਵੀ ਰੂਮ ਵਿੱਚ ਲੈ ਗਿਆ ਅਤੇ ਪੂਰੀ ਜਾਣਕਾਰੀ ਦਿੱਤੀ ਕਿ ਆਪ੍ਰੇਸ਼ਨ ਸਫਲ ਹੋਣ ਮਗਰੋਂ ਹੀ ਉਸ ਨੂੰ ਰਿਕਵਰੀ ਰੂਮ ਵਿਚ ਲਿਆਇਆ ਗਿਆ ਸੀ। ਰਿਕਵਰੀ ਰੂਮ ਵਿਚ ਇੱਕ ਹੀ ਸੀਸੀਟੀਵੀ ਕੈਮਰਾ ਹੈ, ਜੋ ਗੇਟ ‘ਤੇ ਲੱਗਾ ਹੈ ਇਸ ਲਈ ਵਰਿੰਦਰ ਘੁੰਮਣ ਦਾ ਬੈੱਡ ਉਸ ‘ਚ ਦਿਖਾਈ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ : ਵਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਅੱਜ, ਛੋਟਾ ਜਿਹਾ ਆਪ੍ਰੇਸ਼ਨ ਬਣਿਆ ਮੌਤ ਦਾ ਕਾਰਨ!
ਜਦੋਂ ਵਰਿੰਦਰ ਘੁੰਮਣ ਦੀ ਸਰਜਰੀ ਅਤੇ ਇਲਾਜ ਦੌਰਾਨ ਉਸ ਨੂੰ ਆਏ ਦੋ ਹਾਰਟ ਅਟੈਕ ਬਾਰੇ ਫੋਰਟਿਸ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅਜੇ ਇਸ ਬਾਰੇ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੈਡੀਕਲ ਟਰਮ ਨੂੰ ਇਸ ਤਰ੍ਹਾਂ ਸਮਝ ਸਕਣਾ ਸੌਖਾ ਨਹੀਂ ਹੈ। ਜਲਦ ਹੀ ਹਸਪਤਾਲ ਪ੍ਰਸ਼ਾਸਨ ਆਪਣਾ ਮੈਡੀਕਲ ਬੁਲੇਟਿਨ ਜਾਰੀ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
























