ਲੰਘੀ ਸ਼ਾਮ ਖੰਨਾ ਪੁਲਿਸ ਜ਼ਿਲ੍ਹਾ ਅਧੀਨ ਮਾਛੀਵਾੜਾ ਸਾਹਿਬ ਵਿਖੇ ਰਤੀਪੁਰ ਰੋਡ ’ਤੇ ਇੱਕ ਕਾਲੋਨੀ ’ਚ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਹੋਈ ਖੂਨੀ ਜੰਗ ਦੌਰਾਨ ਗਗਨਦੀਪ ਸਿੰਘ ਉਰਫ਼ ਬਿੱਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਅੱਜ ਦੂਜਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ ਲੱਖੋਵਾਲ ਜੋ ਕਿ ਇਲਾਜ ਦੌਰਾਨ ਦਮ ਤੋੜ ਗਿਆ।
ਅੱਜ ਐੱਸ.ਪੀ. ਹਰਪਿੰਦਰ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਨੌਜਵਾਨਾਂ ਦੇ ਕਤਲ ਮਾਮਲੇ ਵਿਚ ਪੁਲਸ ਵਲੋਂ ਦੇਰ ਰਾਤ ਹੀ 11 ਵਿਅਕਤੀ ਜਿਸ ਵਿਚ ਕਾਬਲ ਸਿੰਘ ਉਰਫ਼ ਪੰਨੂ ਪਿੰਡ ਮੁਗਲੇਵਾਲ, ਸ਼ੰਮੀ, ਪਰਮ ਗਰੇਵਾਲ ਵਾਸੀ ਈਸਾਪੁਰ, ਹਰਸ਼ ਚੀਮਾ ਟੰਡੀ ਮੰਡ, ਗੁਰਵਿੰਦਰ ਸਿੰਘ, ਜੱਸਾ, ਹਰਮਨ ਪਿੰਡ ਰਤੀਪੁਰ, ਜ਼ੈਲਾ ਵਾਸੀ ਪਿੰਡ ਬੈਰਸਾਲ, ਅੰਮ੍ਰਿਤ ਮਾਛੀਵਾੜਾ, ਖੁਸ਼ੂ ਵਾਸੀ ਸਮਰਾਲਾ, ਭੋਲਾ ਮਾਛੀਵਾੜਾ ਅਤੇ 10 ਤੋਂ 12 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਐੱਸ.ਪੀ. ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਜੋ ਝਗੜੇ ਦਾ ਕਾਰਨ ਹੈ ਉਸ ਵਿਚ ਗਗਨਦੀਪ ਸਿੰਘ ਨੇ ਪਿੰਡ ਬੈਰਸਾਲਾਂ ਦੇ ਵਾਸੀ ਜੈਲੇ ਨੂੰ ਕਿਸੇ ਗੱਲ ਨੂੰ ਲੈ ਕੇ ਥੱਪੜ ਮਾਰੇ ਸਨ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਰੰਜਿਸ਼ ਵਧ ਗਈ ਅਤੇ ਇਨ੍ਹਾਂ ਨੇ ਟਾਈਮ ਬੰਨ੍ਹ ਕੇ ਇੱਕ-ਦੂਜੇ ਨਾਲ ਲੜਨਾ ਤੈਅ ਕਰ ਲਿਆ। ਉਨ੍ਹਾਂ ਕਿਹਾ ਕਿ ਰਤੀਪੁਰ ਰੋਡ ’ਤੇ ਹੋਈ ਲੜਾਈ ਦੌਰਾਨ ਇੱਕ ਧਿਰ ਵਲੋਂ ਦੂਜੀ ਧਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਗਗਨਦੀਪ ਸਿੰਘ ਬਿੱਲਾ ਵਾਸੀ ਹੇਡੋਂ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਐੱਸਐੱਸਪੀ ਖੰਨਾ ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਪੁਲਸ ਟੀਮਾਂ ਵਲੋਂ ਰਾਤ ਨੂੰ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਹਮਲਾਵਾਰਾਂ ਦੀਆਂ 2 ਕਾਰਾਂ ਤੇ 3 ਦੋ ਪਹੀਆ ਵਾਹਨ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਲੜਾਈ ਦੌਰਾਨ ਜੋ ਤੇਜ਼ਧਾਰ ਹਥਿਆਰਾਂ ਦੀ ਵਰਤੋ ਹੋਈ ਉਹ ਵੀ ਮੌਕੇ ਤੋਂ ਬਰਾਮਦ ਕਰ ਲਏ ਹਨ। ਐੱਸ.ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਵਲੋਂ ਜੋ ਦੋਸ਼ ਲਗਾਏ ਗਏ ਹਨ ਕਿ ਮ੍ਰਿਤਕ ਨੌਜਵਾਨ ਗਗਨਦੀਪ ਸਿੰਘ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ ਜਿਸ ਕਾਰਨ ਉਸਦਾ ਕਤਲ ਹੋਇਆ। ਉਸ ਸਬੰਧੀ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਕੁਝ ਵਿਅਕਤੀ ਸ਼ੱਕ ਦੇ ਅਧਾਰ ’ਤੇ ਕਾਬੂ ਕਰ ਲਏ ਹਨ ਅਤੇ ਜਲਦ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ ਹੋਈ ਸ਼ੁਰੂਆਤ
ਇਸ ਖੂਨੀ ਜੰਗ ਵਿਚ ਕਤਲ ਹੋਏ ਪਿੰਡ ਹੇਡੋਂ ਬੇਟ ਦਾ ਵਾਸੀ ਗਗਨਦੀਪ ਸਿੰਘ ਵੱਖ-ਵੱਖ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਜਿਸ ਨੇ ਕਿਸਾਨੀ ਮੋਰਚਾ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਯੂਨੀਵਰਸਿਟੀ ਮਾਮਲਾ, ਸਮਾਣਾ ਮਾਮਲੇ ਸਬੰਧੀ ਕੀਤੇ ਸੰਘਰਸ਼ਾਂ ਵਿਚ ਭਾਗ ਲਿਆ ਸੀ। ਅੱਜ ਉਸਦੀ ਮੌਤ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮਾਛੀਵਾੜਾ ਥਾਣਾ ਪੁੱਜੇ ਜਿਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਮ੍ਰਿਤਕ ਦੇ ਭਰਾ ਜਗਦੀਪ ਸਿੰਘ ਤੇ ਸਵ. ਦੀਪ ਸਿੱਧੂ ਟੀਮ ਦੇ ਆਗੂ ਰਾਜਾ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਪੁਲਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਦੋਂ ਤੱਕ ਗਗਨਦੀਪ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:











