ਲੁਧਿਆਣਾ ਦੇ ਐਮਬੀਡੀ ਮਾਲ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਹ ਘਰੋਂ ਮੋਬਾਈਲ ਖੋਹਣ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ ਪਰ ਇਸ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ। ਸੋਮਵਾਰ ਸਵੇਰੇ ਉਸਦੀ ਮਾਮੀ ਨੂੰ ਲੋਕਾਂ ਨੇ ਦੱਸਿਆ ਕਿ ਇੱਕ ਨੌਜਵਾਨ ਖਾਲੀ ਪਲਾਟ ਵਿੱਚ ਬੇਹੋਸ਼ ਪਿਆ ਹੈ। ਉਹ ਮੌਕੇ ‘ਤੇ ਪਹੁੰਚੀ ਤਾਂ ਉਸ ਦੇ ਹੱਥ-ਪੈਰ ਟੁੱਟੇ ਹੋਏ ਸਨ ਤੇ ਉਸ ਦਾ ਸਿਰ ਫਟਿਆ ਪਿਆ ਸੀ। ਉਸ ਦੀ ਪਛਾਣ ਕਰ ਪਾਉਣਾ ਵੀ ਮੁਸ਼ਕਲ ਹੋ ਰਿਹਾ ਸੀ ਤੇ ਮੂਧੇ ਮੂੰਹ ਪਿਆ ਹੋਇਆ ਸੀ। ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ 22 ਸਾਾਂ ਕਰਨ ਵਜੋਂ ਹੋਈ ਹੈ। ਪੁਲਿਸ ਕਤਲ ਦੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਰਨ ਦੇ ਭਰਾ ਪਿੰਟੂ ਨੇ ਕਿਹਾ ਕਿ ਉਹ ਐਤਵਾਰ ਸਵੇਰੇ 9 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ। ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਸਦਾ ਮੋਬਾਈਲ ਫੋਨ ਖੋਹ ਲਿਆ ਗਿਆ ਹੈ ਅਤੇ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਜਾ ਰਿਹਾ ਹੈ। ਫਿਰ ਉਹ ਇੱਕ ਦੋਸਤ ਨਾਲ ਥ੍ਰੀਕੇ ਫਾਟਕ ਨੇੜੇ ਕਿਸੇ ਰਿਸ਼ਤੇਦਾਰ ਦੇ ਘਰ ਗਿਆ। ਪਿੰਟੂ ਮੁਤਾਬਕ ਸੋਮਵਾਰ ਸਵੇਰੇ ਉਸਨੂੰ ਉਸੇ ਰਿਸ਼ਤੇਦਾਰ ਦਾ ਫੋਨ ਆਇਆ, ਜਿਸਨੇ ਉਸ ਨੂੰ ਦੱਸਿਆ ਕਿ ਕਰਨ ਦੀ ਲਾਸ਼ ਇੱਕ ਖਾਲੀ ਪਲਾਟ ਵਿੱਚ ਪਈ ਹੈ।

ਪਿੰਟੂ ਦੇ ਅਨੁਸਾਰ ਕਰਨ ਦੇ ਚਿਹਰੇ ‘ਤੇ ਕਈ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦਾ ਸਰੀਰ ਵੀ ਕਾਲਾ ਪਿਆ ਦਿਖਾਈ ਦੇ ਰਿਹਾ ਸੀ। ਉਸ ਦਾ ਦੋਸ਼ ਹੈ ਕਿ ਇਹ ਮਾਮਲਾ ਕੁੱਟਮਾਰ ਤੋਂ ਬਾਅਦ ਕਤਲ ਹੋ ਸਕਦਾ ਹੈ, ਇਸ ਲਈ ਪੁਲਿਸ ਨੂੰ ਇਸਦੀ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ, ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿੰਟੂ ਨੇ ਦੱਸਿਆ ਕਿ ਪਰਿਵਾਰ ਵਿੱਚ ਦੋ ਭਰਾ ਅਤੇ ਇੱਕ ਭੈਣ ਹੈ, ਜਿਨ੍ਹਾਂ ਵਿੱਚੋਂ ਕਰਨ ਸਭ ਤੋਂ ਵੱਡਾ ਸੀ। ਉਸ ਦਾ ਪਰਿਵਾਰ ਪਿਛਲੇ 15 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ। ਕਰਨ ਐਮਬੀਡੀ ਮਾਲ ਵਿੱਚ ਸਥਿਤ ਇੱਕ ਜੁੱਤੀਆਂ ਦੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਪਿੰਟੂ ਮੁਤਾਬਕ ਕਰਨ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਰਿਵਾਰ ਇਸ ਗੱਲ ਤੋਂ ਵੀ ਭੰਬਲਭੂਸੇ ਵਿੱਚ ਹੈ ਕਿ ਇਹ ਘਟਨਾ ਕਿਵੇਂ ਅਤੇ ਕਿਸ ਹਾਲਾਤ ਵਿੱਚ ਵਾਪਰੀ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਅਤੇ ਸੱਚਾਈ ਦਾ ਪਰਦਾਫਾਸ਼ ਕਰੇ।
ਰਿਸ਼ਤੇਦਾਰ ਰਾਜੂ ਵਰਮਾ ਨੇ ਕਿਹਾ ਕਿ ਉਸ ਸਵੇਰੇ ਪਰਿਵਾਰ ਦੇ ਸਾਰੇ ਮੈਂਬਰ ਕੰਮ ‘ਤੇ ਗਏ ਹੋਏ ਸਨ। ਸਵੇਰੇ 9:30 ਵਜੇ ਦੇ ਕਰੀਬ ਉਨ੍ਹਾਂ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਕਰਨ ਦੀ ਹੱਤਿਆ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਕਰਨ ਦੀ ਲਾਸ਼ ਦੇਖੀ। ਉਨ੍ਹਾਂ ਦੱਸਿਆ ਕਿ ਲਾਸ਼ ਬਹੁਤ ਬੁਰੀ ਹਾਲਤ ਵਿੱਚ ਸੀ, ਜਿਸ ਦੇ ਅੰਗ ਟੁੱਟੇ ਹੋਏ ਸਨ ਅਤੇ ਸਿਰ ‘ਤੇ ਸੱਟ ਲੱਗੀ ਹੋਈ ਸੀ। ਉਹ ਸਿਰਫ਼ ਕਰਨ ਦਾ ਚਿਹਰਾ ਦੇਖਣ ਤੋਂ ਬਾਅਦ ਹੀ ਉਸ ਦੀ ਪਛਾਣ ਕਰ ਸਕੇ।
ਰਾਜੂ ਵਰਮਾ ਮੁਤਾਬਕ ਕਰਨ ਪਿਛਲੇ ਦਿਨ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੇ ਕਮਰੇ ਵਿੱਚ ਆਇਆ ਸੀ ਤੇ ਆਪਣਾ ਮੋਬਾਈਲ ਗੁੰਮ ਹੋਣ ਬਾਰੇ ਦੱਸਿਆ ਸੀ, ਜਿਸ ਦੀ ਉਸ ਨੇ ਸ਼ਿਕਾਇਤ ਦਰਜ ਕਰਾਉਣੀ ਸੀ। ਮੋਬਾਈਲ ਚੋਰੀ ਹੋਣ ਤੋਂ ਬਾਅਦ ਕਰਨ ਦਾ ਫੋਨ ਬੰਦ ਸੀ। ਉਸ ਨੇ ਦੱਸਿਆ ਕਿ ਜਿਥੇ ਕਰਨ ਦਾ ਕਤਲ ਹੋਇਆ, ਕਰਨ ਦੀ ਮਾਮੀ ਤੇ ਭੂਆ ਉਸੇ ਇਲਾਕੇ ਵਿਚ ਰਹਿੰਦੀਆਂ ਹਨ। ਕਰਨ ਆਮ ਤੌਰ ‘ਤੇ ਆਪਣੀ ਭੂਆ ਕੋਲ ਰਹਿੰਦਾ ਸੀ ਪਰ ਪਿਛਲੇ ਦੋ ਦਿਨਾਂ ਤੋਂ ਉਥੇ ਨਹੀਂ ਗਿਆ ਸੀ। ਇੱਕ ਦਿਨ ਪਹਿਲਾਂ ਉਹ ਸ਼ਾਮ ਕਰੀਬ 4 ਵਜੇ ਮਾਮੀ ਦੇ ਘਰ ਗਿਆ ਸੀ ਪਰ ਉਥੇ ਰੁਕਿਆ ਨਹੀਂ ਸੀ, ਸਗੋਂ ਕਿਸੇ ਦੋਸਤ ਦੇ ਘਰ ਠਹਿਰਿਆ ਸੀ।
ਇਹ ਵੀ ਪੜ੍ਹੋ : ਲਾਡੋਵਾਲ ਟੋਲ ਭਲਕੇ 2 ਘੰਟੇ ਲਈ ਫਰੀ, ਕੌਮੀ ਇਨਸਾਫ ਮੋਰਚੇ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਐਲਾਨ
ਸਦਰ ਥਾਣੇ ਦੇ ਏਐਸਆਈ ਜੌਨ ਪੀਟਰ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮ੍ਰਿਤਕ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਏਐਸਆਈ ਮੁਤਾਬਕ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










