ਅਫਗਾਨਿਸਤਾਨ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੈਤਿਕ ਅਪਰਾਧਾਂ ਦੇ ਦੋਸ਼ੀ ਦੱਸਦੇ ਹੋਏ 12 ਲੋਕਾਂ ਨੂੰ ਕੁੱਟਿਆ ਗਿਆ। ਇਨ੍ਹਾਂ 12 ਲੋਕਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਤਾਲਿਬਾਨ ਦੇ ਇਕ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ‘ਤੇ ਚੋਰੀ, ਐਡਲਟਰੀ ਅਤੇ ਸਮਲਿੰਗੀ ਸੈਕਸ ਦੇ ਦੋਸ਼ ਸਨ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਤਾਲਿਬਾਨ ਨੇ ਕਿਸੇ ਜਨਤਕ ਸਥਾਨ ‘ਤੇ ਲੋਕਾਂ ਨੂੰ ਅਪਰਾਧ ਲਈ ਸਜ਼ਾ ਦਿੱਤੀ ਹੈ।
ਤਾਲਿਬਾਨ ਦੇ ਬੁਲਾਰੇ ਉਮਰ ਮਨਸੂਰ ਨੇ ਪੂਰਬੀ ਅਫਗਾਨਿਸਤਾਨ ਦੇ ਲੋਗਰ ਇਲਾਕੇ ‘ਚ ਵਾਪਰੀ ਇਸ ਘਟਨਾ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਔਰਤਾਂ ਨੂੰ ਸਜ਼ਾ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਕੁਝ ਬੰਦਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕਿੰਨਿਆਂ ਨੂੰ ਜੇਲ੍ਹ ਭੇਜਿਆ ਗਿਆ ਹੈ। ਦੂਜੇ ਪਾਸੇ ਤਾਲਿਬਾਨ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ 21 ਤੋਂ 39 ਕੋੜੇ ਮਾਰੇ ਗਏ।
ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਅਫ਼ਗਾਨਿਸਤਾਨ ਦੇ ਤਖਾਰ ਸੂਬੇ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ 19 ਲੋਕਾਂ ਨੂੰ ਸਜ਼ਾ ਦਿੱਤੀ ਗਈ ਸੀ। ਨੂਰਿਸਤਾਨ ਸੂਬੇ ‘ਚ ਮਿਊਜ਼ਿਕ ਸੁਣਨ ‘ਤੇ ਇਕ ਔਰਤ ਨੂੰ ਕੁੱਟਿਆ ਗਿਆ। ਇਸ ਤਰ੍ਹਾਂ ਤਾਲਿਬਾਨ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਦੇ ਹੁਕਮਾਂ ਤੋਂ ਬਾਅਦ ਜਨਤਕ ਥਾਵਾਂ ‘ਤੇ ਸਜ਼ਾ ਦੇਣ ਦੀ ਪ੍ਰਥਾ ਸ਼ੁਰੂ ਹੋ ਗਈ ਹੈ। ਇਹ ਸਾਰੀਆਂ ਸਜ਼ਾਵਾਂ ਸ਼ਰੀਆ ਕਾਨੂੰਨ ਮੁਤਾਬਕ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਜਾਮਾ ਮਸਜਿਦ ‘ਚ ਔਰਤਾਂ ਲਈ ਐਂਟਰੀ ਖੁੱਲ੍ਹੀ, LG ਦੇ ਦਖ਼ਲ ਮਗਰੋਂ ਪਲਟਿਆ ਫੈਸਲਾ
ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਓਵਰਟੇਕ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਸੰਕੇਤ ਦਿੱਤਾ ਸੀ ਕਿ ਦੇਸ਼ ‘ਚ ਕਈ ਮੁੱਦਿਆਂ ‘ਤੇ ਸ਼ਰੀਆ ਕਾਨੂੰਨ ਲਾਗੂ ਹੋਵੇਗਾ। ਅਸਲ ਵਿੱਚ ਸ਼ਰੀਆ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਲਈ ਇੱਕ ਕਾਨੂੰਨੀ ਪ੍ਰਣਾਲੀ ਵਾਂਗ ਹੈ, ਜਿਸ ‘ਚ ਰੋਜ਼ਾਨਾ ਜ਼ਿੰਦਗੀ ਤੋਂ ਲੈ ਕੇ ਕਈ ਵੱਡੇ ਮੁੱਦਿਆਂ ‘ਤੇ ਕਾਨੂੰਨ ਹਨ। ਸ਼ਰੀਆ ਦਾ ਜ਼ਿਕਰ ਕੁਰਾਨ, ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਦੇ ਨਾਲ-ਨਾਲ ਪੈੰਬਰ ਮੁਹੰਮਦ ਦੇ ਉਪਦੇਸ਼ਾਂ ਸੁੰਨਾ ਅਤੇ ਹਦੀਸ ਵਿੱਚ ਵੀ ਹੈ। ਇਨ੍ਹਾਂ ਕਾਨੂੰਨਾਂ ਦੇ ਅਧੀਨ ਅਪਰਾਧਾਂ ਨੂੰ ਸਿੱਧੇ ਤੌਰ ‘ਤੇ ਰੱਬ ਦੀ ਉਲੰਘਣਾ ਮੰਨਿਆ ਜਾਂਦਾ ਹੈ। ਸ਼ਰੀਆ ਕਾਨੂੰਨ ਜੀਵਨ ਦੇ ਤਰੀਕੇ ਦਾ ਵਰਣਨ ਕਰਦਾ ਹੈ।
ਸਾਰੇ ਮੁਸਲਮਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਮੁਤਾਬਕ ਆਪਣਾ ਜੀਵਨ ਬਤੀਤ ਕਰਨ। ਸ਼ਰੀਆ ਕਾਨੂੰਨ ਇੱਕ ਮੁਸਲਮਾਨ ਦੇ ਰੋਜ਼ਾਨਾ ਜੀਵਨ ਦੇ ਹਰ ਪਹਿਲੂ ਨੂੰ ਕੰਟਰੋਲ ਕਰਦਾ ਹੈ, ਜਿਸ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਸ਼ਾਮਲ ਹੈ। ਸ਼ਰੀਆ ਵਿੱਚ ਪਰਿਵਾਰ, ਵਿੱਤ ਅਤੇ ਕਾਰੋਬਾਰ ਨਾਲ ਸਬੰਧਤ ਕਾਨੂੰਨ ਸ਼ਾਮਲ ਹਨ। ਸ਼ਰੀਆ ਕਾਨੂੰਨ ਦੇ ਤਹਿਤ ਨਸ਼ੀਲੇ ਪਦਾਰਥਾਂ ਦਾ ਸੇਵਨ, ਵਰਤੋਂ ਜਾਂ ਤਸਕਰੀ ਕਰਨਾ ਸਭ ਤੋਂ ਵੱਡੇ ਅਪਰਾਧਾਂ ਵਿੱਚੋਂ ਇੱਕ ਹੈ।
ਵੀਡੀਓ ਲਈ ਕਲਿੱਕ ਕਰੋ -: