ਜਲੰਧਰ ਦਿਹਾਤੀ ਪੁਲਿਸ ਨੇ ਵਿਦੇਸ਼ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲੌਰ ਥਾਣਾ ਇੰਚਾਰਜ ਸੁਰਿੰਦਰ ਕੁਮਾਰ ਤੇ ਚੌਕੀ ਇੰਚਾਰਜ ਅਪਰਾ ਸੁਖਵਿੰਦਰ ਪਾਲ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਅੱਤਵਾਦ ਮਚਾਉਣ ਜਾ ਰਹੇ ਗੈਂਗਸਟਰਾਂ ਨੂੰ ਅਪਰਾ ਵਿਚ ਹੀ ਜੱਜਾ ਚੌਂਕ ਕੋਲੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰਾਂ ਤੋਂ ਪੁਲਿਸ ਨੇ 8 ਪਿਸਤੌਲਾਂ, 1 ਰਿਵਾਲਵਰ, ਮੈਗਜ਼ੀਨ ਤੇ 37 ਜ਼ਿੰਦਾ ਰੌਂਦ (7 ਪਿਸਤੌਲ ਮੈਗਜ਼ੀਨ ਤੇ 30 ਜ਼ਿੰਦਾ ਰੌਂਦ ਸਣੇ 1 ਰਿਵਾਲਵਰ, .32 ਬੋਰ 5 ਜ਼ਿੰਦਾ ਰੌਂਦ ਸਣੇ, 1 ਪਿਸਤੌਲ 315 ਬੋਰ 2 ਜ਼ਿੰਦਾ ਰੌਂਦ ਸਣੇ) ਇਕ ਆਈ-20 ਕਾਰ ਬਰਾਮਦ ਕੀਤੀ ਹੈ।
ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਸੰਪਰਕ ਵਿੱਚ ਸਨ। ਉਸ ਨੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਗੈਂਗਸਟਰ ਰਵੀ ਬਲਾਚੌਰੀਆ ਦੇ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਹ ਸਾਰੀ ਵਿਉਂਤਬੰਦੀ ਰਵੀ ਬਲਾਚੌਰੀਆ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜਬੀਰ ਕੌਸ਼ਲ ਨਾਲ ਗੱਲਬਾਤ ਕਰਕੇ ਕੀਤੀ ਸੀ। ਰਾਜਬੀਰ ਨੇ ਅੱਗੇ ਇਸ ਨੂੰ ਲਾਗੂ ਕਰਨ ਲਈ ਵਿਦੇਸ਼ ਬੈਠੇ ਅੱਤਵਾਦੀ ਲੰਡਾ ਨਾਲ ਸੰਪਰਕ ਕੀਤਾ। ਉਸ ਨੇ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਬਲਾਚੌਰੀਆ ਦੇ ਵਿਰੋਧੀਆਂ ਨੂੰ ਮਾਰਨ ਲਈ ਅੱਗੇ ਭੇਜਿਆ।
ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਹਥਿਆਰਾਂ ਦੀ ਸਪਲਾਈ ਉੱਤਰ ਪ੍ਰਦੇਸ਼ ਤੋਂ ਆਈ ਸੀ। ਇਹ ਹਥਿਆਰ ਵਿਦੇਸ਼ ਬੈਠੇ ਅੱਤਵਾਦੀ ਲੰਡਾ ਨੇ ਗੈਂਗਸਟਰਾਂ ਨੂੰ ਮੁਹੱਈਆ ਕਰਵਾਏ ਸਨ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਇਹ ਸਾਰੇ ਹਥਿਆਰ ਵਿਰੋਧੀ ਗਰੋਹ ਦੇ ਮੈਂਬਰਾਂ ਦੀ ਹੱਤਿਆ, ਫਿਰੌਤੀ ਅਤੇ ਹੋਰ ਵੱਡੀਆਂ ਵਾਰਦਾਤਾਂ ਵਿੱਚ ਵਰਤੇ ਜਾਣੇ ਸਨ। ਪਰ ਇਸ ਤੋਂ ਪਹਿਲਾਂ ਹੀ ਸਾਰਿਆਂ ਨੂੰ ਪੁਲਿਸ ਨੇ ਫੜ ਲਿਆ।
ਇਹ ਵੀ ਪੜ੍ਹੋ : ਜਨਮ ਦਿਨ ਵਾਲੇ ਦਿਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ‘ਚ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਨੇ ਠੋਸ ਸੂਚਨਾ ਦੇ ਆਧਾਰ ’ਤੇ ਲਖਬੀਰ ਲੰਡਾ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਭਜਲਾ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ), ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਲੰਬੜ ਸਿੰਘ ਵਾਸੀ ਮੁਹੱਲਾ ਰਣਜੀਤਪੁਰਾ ਪਿੰਡ ਤੱਲ੍ਹਣ ਥਾਣਾ ਬਿਲਗਾ, ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਗੜ੍ਹਸ਼ੰਕਰ, ਜੱਗਾ ਸਿੰਘ ਵਾਸੀ ਢੰਡਵਾੜ ਪੀ.ਐਸ ਗੁਰਾਇਆ ਵਜੋਂ ਹੋਈ ਹੈ।
ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਲਵਪ੍ਰੀਤ ‘ਤੇ ਵੱਖ-ਵੱਖ ਥਾਣਿਆਂ ‘ਚ ਕਤਲ ਅਤੇ ਇਰਾਦਾ ਕਤਲ ਦੇ 5 ਮਾਮਲੇ ਦਰਜ ਹਨ। ਇਸੇ ਤਰ੍ਹਾਂ ਗਗਨਦੀਪ ਖ਼ਿਲਾਫ਼ ਇਰਾਦਾ ਕਤਲ, ਲੁੱਟ-ਖੋਹ ਅਤੇ ਸਨੈਚਿੰਗ ਦੇ ਪੰਜ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: