ਕੌਮੀ ਜਾਂਚ ਏਜੰਸੀ (NIA) ਨੇ ਤਰਨਤਾਰਨ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਅਤੇ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬਿਕਰਮਜੀਤ ਸਿੰਘ ਨੂੰ ਇੰਟਰਪੋਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਿੰਜ਼ (ਆਸਟ੍ਰੀਆ) ਦੀ ਸਮਰੱਥ ਅਥਾਰਟੀ ਦੁਆਰਾ ਹਵਾਲਗੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ NIA ਨੇ ਦਿੱਤੀ।
ਦੱਸ ਦੇਈਏ ਕਿ ਸਤੰਬਰ 2019 ਵਿੱਚ ਤਰਨਤਾਰਨ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਐਨਆਈਏ ਇਸ ਮਾਮਲੇ ਵਿੱਚ ਨੌਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਇਸ ਸਬੰਧੀ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਬਾਜ਼ਾਰ ਵਿੱਚ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਬਾਅਦ ਵਿੱਚ ਐਨਆਈਏ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਗ੍ਰਿਫ਼ਤਾਰ ਮੁਲਜ਼ਮ ਮਲਕੀਤ ਸਿੰਘ ਸ਼ੇਰਾ ਨੇ ਖੁਲਾਸਾ ਕੀਤਾ ਸੀ ਕਿ ਬੰਬ ਧਮਾਕੇ ਦਾ ਮਾਸਟਰਮਾਈਂਡ ਬਿਕਰਮ ਸਿੰਘ ਪੰਜਵੜ ਉਰਫ਼ ਬਿੱਕਰ ਸੀ। ਉਸ ਨੇ 2014 ਵਿੱਚ ਉਸ ਨਾਲ ਦੋਸਤੀ ਕੀਤੀ। ਬਿਕਰਮ ਆਈਈਡੀ ਵਿਸਫੋਟਕ ਬਣਾਉਣ ਦਾ ਮਾਹਰ ਹੈ ਅਤੇ ਉਸ ਨੇ ਵਿਸਫੋਟਕ ਸਮੱਗਰੀ ਤਿਆਰ ਕੀਤੀ ਸੀ। ਜੁਲਾਈ 2018 ਵਿੱਚ ਬਿਕਰਮ ਅਰਮੇਨੀਆ ਦੇ ਰਸਤੇ ਆਸਟਰੀਆ ਭੱਜ ਗਿਆ ਸੀ।
ਬਿਕਰਮ ਨੂੰ ਅੱਤਵਾਦੀ ਗੁਰਜੰਟ ਤੋਂ ਧਮਾਕੇ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਬਿਕਰਮ ਨੇ ਵਿਦੇਸ਼ ਤੋਂ ਹੀ ਉਸ ਨੂੰ ਆਦੇਸ਼ ਦਿੱਤਾ ਸੀ ਕਿ ਗੁਰਜੰਟ ਅਤੇ ਉਹ ਜ਼ਮੀਨ ਵਿੱਚ ਦੱਬੇ ਬੰਬਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਵਰਤੋਂ ਕੁਝ ਵੀਆਈਪੀ ਨੂੰ ਮਾਰਨ ਵਿੱਚ ਕਰਨ। 5 ਸਤੰਬਰ 2019 ਨੂੰ ਜਦੋਂ ਧਮਾਕਾ ਹੋਇਆ ਤਾਂ ਗੁਰਜੰਟ ਅਤੇ ਉਸਦੇ ਦੋ ਸਾਥੀ ਹਰਪ੍ਰੀਤ ਸਿੰਘ ਅਤੇ ਵਿਕਰਮਜੀਤ ਬੰਬ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਧਮਾਕੇ ਵਿੱਚ ਹਰਪ੍ਰੀਤ ਸਿੰਘ ਅਤੇ ਬਿਕਰਮਜੀਤ ਦੀ ਮੌਤ ਹੋ ਗਈ ਅਤੇ ਗੁਰਜੰਟ ਜ਼ਖ਼ਮੀ ਹੋ ਗਿਆ।
ਇਨ੍ਹਾਂ ਦੋਵਾਂ ਬੰਬਾਂ ਦਾ ਇਸਤੇਮਾਲ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਰੇ ਜਾਣ ਲਈ ਕੀਤਾ ਜਾਣਾ ਸੀ। ਪਰ ਭਾਰੀ ਸੁਰੱਖਿਆ ਕਾਰਨ ਅੱਤਵਾਦੀ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕੇ ਸਨ।
ਇਹ ਵੀ ਪੜ੍ਹੋ : ਆਈਫੋਨ ਯੂਜ਼ਰਸ ਨੂੰ ਮਹਿੰਗਾ ਪਏਗਾ Twitter ਬਲੂ ਟਿਕ! ਦੇਣੇ ਪੈ ਸਕਦੇ ਨੇ ਬਾਕੀਆਂ ਤੋਂ ਵੱਧ ਪੈਸੇ
ਸੁਖਬੀਰ ਬਾਦਲ ਨਵੰਬਰ 2016 ‘ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸਨ, ਜਦੋਂ ਉਨ੍ਹਾਂ ‘ਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ। ਯੋਜਨਾ ਮੁਤਾਬਕ ਜਿਵੇਂ ਹੀ ਸੁਖਬੀਰ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ‘ਤੇ ਪਹੁੰਚਣਾ ਸੀ ਤਾਂ ਪਹਿਲਾਂ ਬਿਕਰਮ ਨੇ ਤੇ ਬਾਅਦ ਵਿੱਚ ਸ਼ੇਰਾ ਨੇ ਬੰਬ ਸੁੱਟਣਾ ਸੀ। ਪਰ ਜਦੋਂ ਸੁਖਬੀਰ ਬਾਦਲ ਭਾਰੀ ਸੁਰੱਖਿਆ ਨਾਲ ਉਥੇ ਪਹੁੰਚੇ ਤਾਂ ਬਿਕਰਮ ਘਬਰਾ ਗਿਆ ਅਤੇ ਬੰਬ ਨਾ ਸੁੱਟ ਸਕਿਆ। ਬਾਅਦ ਵਿਚ ਉਸ ਨੇ ਦੋਵੇਂ ਬੰਬਾਂ ਨੂੰ ਸਟੀਲ ਦੇ ਡੱਬੇ ਵਿਚ ਪਾ ਕੇ ਜ਼ਮੀਨ ਵਿਚ ਦੱਬ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: