ਅਫਗਾਨਿਸਤਾਨ ਦੇ ਫਰਾਹ ਸੂਬੇ ‘ਚ ਬੁੱਧਵਾਰ ਨੂੰ ਕਤਲ ਦੇ ਦੋਸ਼ੀ ਬੰਦੇ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਲਿਬਾਨ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਖੇਡ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ। ਅਫਗਾਨਿਸਤਾਨ ‘ਚ ਤਾਲਿਬਾਨ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਜਨਤਕ ਤੌਰ ‘ਤੇ ਮੌਤ ਦਾ ਇਹ ਪਹਿਲਾ ਮਾਮਲਾ ਹੈ।
ਇੱਕ ਰਿਪੋਰਟ ਮੁਤਾਬਕ ਕਤਲ ਦੇ ਦੋਸ਼ੀ ਵਿਅਕਤੀ ਨੂੰ ਇੱਕ ਖਚਾਖਚ ਭਰੇ ਸਟੇਡੀਅਮ ਵਿੱਚ ਮ੍ਰਿਤਕ ਦੇ ਪਿਤਾ ਨੇ ਅਸਾਲਟ ਰਾਈਫਲ ਨਾਲ ਤਿੰਨ ਗੋਲੀਆਂ ਮਾਰੀਆਂ, ਜਿਸ ਨਾਲ ਉਸਦੀ ਮੌਤ ਹੋ ਗਈ। ਜਨਤਕ ਤੌਰ ‘ਤੇ ਦਿੱਤੀ ਗਈ ਇਸ ਸਜ਼ਾ ਨੂੰ ਦੇਖਣ ਲਈ ਕਈ ਤਾਲਿਬਾਨ ਨੇਤਾ ਮੌਜੂਦ ਸਨ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ, ਫੌਜੀ ਅਧਿਕਾਰੀ ਅਤੇ ਕਈ ਸੀਨੀਅਰ ਮੰਤਰੀ ਵੀ ਮੌਤ ਦੀ ਸਜ਼ਾ ਨੂੰ ਦੇਖਣ ਆਏ ਸਨ।
ਹੇਰਾਤ ਸੂਬੇ ਦੇ ਰਹਿਣ ਵਾਲੇ ਵਿਅਕਤੀ ਨੂੰ ਤਾਲਿਬਾਨ ਵੱਲੋਂ ਮੌਤ ਦੀ ਸਜ਼ਾ ਸੁਣਾਈ ਜਾਣ ਵਾਲੀ ਘਟਨਾ ਪੰਜ ਸਾਲ ਪਹਿਲਾਂ ਵਾਪਰੀ ਸੀ। ਇਸ ਵਿਚ ਤਾਜਮੀਰ ਨਾਂ ਦੇ ਵਿਅਕਤੀ ਨੇ ਫਰਾਹ ਸੂਬੇ ਦੇ ਇਕ ਵਿਅਕਤੀ ਦਾ ਕਤਲ ਕਰ ਕੇ ਉਸ ਦਾ ਮੋਟਰਸਾਈਕਲ ਅਤੇ ਉਸ ਦਾ ਫੋਨ ਚੋਰੀ ਕਰ ਲਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ ਨੂੰ ਤਾਲਿਬਾਨ ਨੇ ਗ੍ਰਿਫਤਾਰ ਕਰ ਲਿਆ।
ਤਾਲਿਬਾਨ ਦੇ ਸੁਪਰੀਮ ਲੀਡਰ ਹੈਬਾਤੁੱਲਾ ਅਖੁੰਦਜ਼ਾਦਾ ਨੇ ਪਿਛਲੇ ਮਹੀਨੇ ਇੱਕ ਐਲਾਨ ਕੀਤਾ ਸੀ, ਜਿਸ ਵਿੱਚ ਸਾਰੇ ਜੱਜਾਂ ਨੂੰ ਹੁਕਮ ਦਿੱਤਾ ਗਿਆ ਕਿ ਦੋਸ਼ੀਆਂ ਨੂੰ ਸ਼ਰੇਆਮ ਸਜ਼ਾ ਦਿੱਤੀ ਜਾਵੇ। ਹਾਲਾਂਕਿ, ਹੁਣ ਤੱਕ ਤਾਲਿਬਾਨ ਨੇ ਅਧਿਕਾਰਤ ਤੌਰ ‘ਤੇ ਇਹ ਨਹੀਂ ਦੱਸਿਆ ਹੈ ਕਿ ਕਿਸ ਅਪਰਾਧ ਲਈ ਕੀ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗੁਜਰਾਤ ‘ਚ ਕਾਂਗਰਸ ਨੂੰ ਦੋਹਰਾ ਝਟਕਾ, ਨਾ ਗੱਦੀ ਮਿਲੀ, ਨਾ ਮਿਲੇਗਾ ਵਿਰੋਧੀ ਧਿਰ ਦਾ ਅਹੁਦਾ!
ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਜਨਤਕ ਫਾਂਸੀ ਦੀ ਪ੍ਰਥਾ ਵਾਪਸ ਆ ਗਈ ਹੈ। 24 ਨਵੰਬਰ ਨੂੰ ਤਾਲਿਬਾਨ ਨੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੈਤਿਕ ਅਪਰਾਧਾਂ ਦੇ ਦੋਸ਼ੀ 12 ਲੋਕਾਂ ਨੂੰ ਕੁੱਟਿਆ। ਇਨ੍ਹਾਂ 12 ਲੋਕਾਂ ਵਿੱਚ 3 ਔਰਤਾਂ ਵੀ ਸ਼ਾਮਲ ਸਨ। ਤਾਲਿਬਾਨ ਦੇ ਇਕ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ‘ਤੇ ਚੋਰੀ, ਐਡਲਟਰੀ ਅਤੇ ਸਮਲਿੰਗੀ ਸੈਕਸ ਦੇ ਦੋਸ਼ ਸਨ। ਨਵੰਬਰ ਦੇ ਮਹੀਨੇ ਵਿਚ ਇਹ ਦੂਜੀ ਵਾਰ ਸੀ ਜਦੋਂ ਤਾਲਿਬਾਨ ਨੇ ਕਿਸੇ ਜਨਤਕ ਸਥਾਨ ‘ਤੇ ਲੋਕਾਂ ਨੂੰ ਅਪਰਾਧ ਲਈ ਸਜ਼ਾ ਦਿੱਤੀ ਸੀ।
ਰਿਪੋਰਟ ਮੁਤਾਬਕ ਨਵੰਬਰ ਵਿੱਚ ਅਫਗਾਨਿਸਤਾਨ ਦੇ ਤਖਾਰ ਸੂਬੇ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ 19 ਲੋਕਾਂ ਨੂੰ ਜਨਤਕ ਤੌਰ ‘ਤੇ ਸਜ਼ਾ ਦਿੱਤੀ ਗਈ ਸੀ। ਨੂਰਿਸਤਾਨ ਸੂਬੇ ‘ਚ ਮਿਊਜ਼ਿਕ ਸੁਣਨ ‘ਤੇ ਇਕ ਔਰਤ ਨੂੰ ਕੁੱਟਿਆ ਗਿਆ। ਇਹ ਸਾਰੀਆਂ ਸਜ਼ਾਵਾਂ ਸ਼ਰੀਆ ਕਾਨੂੰਨ ਅਨੁਸਾਰ ਦਿੱਤੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: