ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਅਦੀਬਤਲਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਇੱਥੇ ਵਿਆਹ ਤੋਂ ਇਨਕਾਰ ਕਰਨ ‘ਤੇ 100 ਤੋਂ ਵੱਧ ਲੋਕ ਮਹਿਲਾ ਡਾਕਟਰ ਨੂੰ ਉਸ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਏ। ਬਦਮਾਸ਼ਾਂ ਨੇ ਉਸ ਦੇ ਘਰ ਦੀ ਭੰਨਤੋੜ ਕੀਤੀ ਅਤੇ ਕੁੜੀ ਦੇ ਪਿਓ ਦੀ ਡੰਡਿਆਂ ਨਾਲ ਕੁੱਟਿਆ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਲੜਾਈ ਵਿੱਚ ਕੁੜੀ ਦਾ ਪਿਓ ਜ਼ਖ਼ਮੀ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ 100 ਤੋਂ ਜ਼ਿਆਦਾ ਬਦਮਾਸ਼ ਘਰ ‘ਚ ਵੜ ਆਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਕਰੀਬ ਛੇ ਘੰਟੇ ਬਾਅਦ ਪੁਲਿਸ ਮਹਿਲਾ ਡਾਕਟਰ ਨੂੰ ਛੁਡਵਾ ਕੇ ਆਪਣੇ ਘਰ ਲੈ ਗਈ। ਇਸ ਮਾਮਲੇ ਵਿੱਚ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਕੁੜੀ ਦਾ ਨਾਮ ਵੈਸ਼ਾਲੀ ਹੈ ਅਤੇ ਉਹ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਹੈ। ਉਸ ਦੀ ਮੁਲਾਕਾਤ ਦੋ ਸਾਲ ਪਹਿਲਾਂ ਬੈਡਮਿੰਟਨ ਖੇਡਦੇ ਹੋਏ ਮੁਲਜ਼ਮ ਨਵੀਨ ਨਾਲ ਹੋਈ ਸੀ। ਵੈਸ਼ਾਲੀ ਦੇ ਪਿਤਾ ਦਾ ਕਹਿਣਾ ਹੈ ਕਿ ਨਵੀਨ ਵੈਸ਼ਾਲੀ ‘ਤੇ ਵਿਆਹ ਲਈ ਦਬਾਅ ਬਣਾ ਰਿਹਾ ਸੀ। ਉਹ ਵੈਸ਼ਾਲੀ ਨੂੰ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਤੰਗ ਕਰਦਾ ਸੀ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।
ਵੈਸ਼ਾਲੀ ਦੇ ਪਿਤਾ ਨੇ ਦੱਸਿਆ ਕਿ ਨਵੀਨ ਦੀ ਉਨ੍ਹਾਂ ਦੇ ਆਸ-ਪਾਸ ਕੁਝ ਚਾਹ ਦੀਆਂ ਦੁਕਾਨਾਂ ਹਨ। ਉਸ ਨੇ ਦੁਕਾਨਾਂ ‘ਤੇ ਕੰਮ ਕਰਦੇ ਮੁਲਾਜ਼ਮਾਂ ਨਾਲ ਮਿਲ ਕੇ ਘਰ ਦੀ ਭੰਨਤੋੜ ਕੀਤੀ। ਉਸ ਨੇ ਦੋਸ਼ ਲਾਇਆ ਕਿ ਨਵੀਨ ਅਤੇ ਉਸ ਦੇ ਸਟਾਫ ਨੇ ਵੈਸ਼ਾਲੀ ਨੂੰ ਬੈੱਡਰੂਮ ਤੋਂ ਬਾਹਰ ਖਿੱਚ ਲਿਆ ਅਤੇ ਉਸ ਨੂੰ ਕਾਰ ਵਿਚ ਬਿਠਾ ਕੇ ਲੈ ਗਏ।
ਇਹ ਵੀ ਪੜ੍ਹੋ : ਤਰਨਤਾਰਨ RPG ਹਮਲੇ ਮਗਰੋਂ ਲੁਧਿਆਣਾ ਹਾਈਵੇ ਦੇ ਥਾਣਿਆਂ ‘ਤੇ ਬਣ ਰਹੇ ਬੰਕਰ, ਵਾਧੂ ਫੋਰਸ ਤਾਇਨਾਤ
ਇਸ ਮਾਮਲੇ ‘ਚ ਪੁਲਿਸ ਨੇ ਮੁੱਖ ਦੋਸ਼ੀ ਨਵੀਨ ਸਣੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਚਾਕੋਂਡਾ ਦੇ ਵਧੀਕ ਕਮਿਸ਼ਨਰ ਸੁਧੀਰ ਬਾਬੂ ਨੇ ਕਿਹਾ ਕਿ ਪੁਲਿਸ ਨੇ ਘਟਨਾ ਦੇ ਛੇ ਘੰਟਿਆਂ ਦੇ ਅੰਦਰ ਔਰਤ ਨੂੰ ਛੁਡਵਾਇਆ। ਉਸ ਨੇ ਦੱਸਿਆ ਹੈ ਕਿ ਬਦਮਾਸ਼ਾਂ ਨੇ ਉਸ ਨੂੰ ਕੁੱਟਿਆ ਅਤੇ ਉਸ ਨੂੰ ਅਗਵਾ ਕਰਨ ਤੋਂ ਬਾਅਦ ਧਮਕੀਆਂ ਦਿੱਤੀਆਂ। ਪੁਲਿਸ ਇਸ ਸਬੰਧ ਵਿਚ ਬਾਕੀ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: