ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਚੰਡੀਗੜ੍ਹ ਦੇ ਸੈਕਟਰ-40 ਤੋਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਗ੍ਰਿਫਤਾਰ ਮੁਲਜ਼ਮ ਲੰਮੇ ਸਮੇਂ ਤੋਂ ਆਈਐਸਆਈ ਲਈ ਜਾਸੂਸੀ ਕਰ ਰਿਹਾ ਸੀ। ਪੰਜਾਬ ਪੁਲਿਸ ਇਸ ਬਾਰੇ ਪਤਾ ਲਗਾਉਣ ਵਿੱਚ ਜੁਟੀ ਹੋਈ ਸੀ। ਅਜਿਹੇ ‘ਚ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੂਤਰਾਂ ਮੁਤਾਬਕ ਦੋਸ਼ੀ ਪਿਛਲੇ 4 ਸਾਲਾਂ ਤੋਂ ISI ਨੂੰ ਪੰਜਾਬ ਦੇ ਸੰਵੇਦਨਸ਼ੀਲ ਇਲਾਕਿਆਂ ਅਤੇ ਇਮਾਰਤਾਂ ਆਦਿ ਦੇ ਨਕਸ਼ੇ ਭੇਜ ਰਿਹਾ ਸੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੇ ਬਾਰਡਰ ਪਾਰ ਕਿਸ ਤਰ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਪਹੁੰਚਾਈ ਹੈ ਅਤੇ ਉਨ੍ਹਾਂ ਦਾ ਮਕਸਦ ਕੀ ਸੀ।
ਫੜੇ ਗਏ ਜਾਸੂਸ ਦਾ ਨਾਂ ਤਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਕਾਗ਼ਜ਼ੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਤੁਰੰਤ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੋਂ ਉਸ ਨੂੰ 19 ਦਸੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ISI ਸਣੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਨੂੰ ਵੀ ਸੰਵੇਦਨਸ਼ੀਲ ਤਸਵੀਰਾਂ ਅਤੇ ਵੀਡੀਓ ਭੇਜਦਾ ਸੀ। ਦੋਸ਼ੀ ਜਾਸੂਸ SFJ ਦੇ ਪਰਮਜੀਤ ਸਿੰਘ ਉਰਫ ਪੰਮਾ ਅਤੇ ISI ਦੇ ਇੱਕ ਮੇਜਰ ਦੇ ਨਾਲ WhatsApp ਕਾਲਿੰਗ ਰਾਹੀਂ ਸੰਪਰਕ ਵਿੱਚ ਸੀ। ਹੁਣ ਪੁਲਿਸ ਉਸ ਦੇ 4 ਦਿਨ ਦੇ ਰਿਮਾਂਡ ਵਿੱਚ ਉਸ ਦੇ ਨੈੱਟਵਰਕ ਅਤੇ ਸੰਭਾਵਿਤ ਅਪਰਾਧਿਕ ਘਟਨਾਵਾਂ ਦਾ ਪਤਾ ਲਗਾਏਗੀ। ਇਸ ਦੇ ਨਾਲ ਹੀ ਪੁਲਿਸ ਇਹ ਵੀ ਪਤਾ ਲਗਾਏਗੀ ਕਿ ਉਸ ਤੋਂ ਇਲਾਵਾ ਹੋਰ ਕੌਣ-ਕੌਣ ਇਸ ਜਾਸੂਸੀ ਵਿੱਚ ਸ਼ਾਮਲ ਹਨ।
ਪੁਲਿਸ ਮੁਤਾਬਕ ਦੋਸ਼ੀ ਨੂੰ ਇਹ ਸੰਵੇਦਨਸ਼ੀਲ ਜਾਣਕਾਰੀ ਦੇਣ ਬਦਲੇ ਮੋਟੀ ਰਕਮ ਦਿੱਤੀ ਜਾਂਦੀ ਸੀ। ਅਜਿਹੇ ‘ਚ ਪੁਲਿਸ ਨੇ ਉਸ ਦੇ ਬੈਂਕ ਖਾਤੇ ਅਤੇ ਘਰ ‘ਤੇ ਛਾਪੇਮਾਰੀ ਕਰਕੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਤਪਿੰਦਰ ਸਿੰਘ ਚੰਡੀਗੜ੍ਹ ਹੀ ਰਹਿ ਰਿਹਾ ਸੀ। ਸਪੈਸ਼ਲ ਸੈੱਲ ਦੀ ਉਸ ਦੀਆਂ ਹਰਕਤਾਂ ‘ਤੇ ਪੂਰੀ ਨਜ਼ਰ ਸੀ ਅਤੇ ਉਸ ਦੀਆਂ ਸਾਰੀਆਂ ਗਤੀਵਿਧੀਆਂ ਨੋਟ ਕੀਤੀਆਂ ਜਾ ਰਹੀਆਂ ਸਨ। ਅਜਿਹੇ ‘ਚ ਬੀਤੀ ਬੁੱਧਵਾਰ ਰਾਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : 16 ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦਾ ਕਬਜ਼ਾ, ਫ੍ਰੀ ਕਰਾਉਣ ਨੂੰ ਲੈ ਕੇ ਚੱਲੀਆਂ ਡਾਂਗਾਂ, ਟਾਂਡਾ ‘ਚ ਲਾਠੀਚਾਰਜ
ਪੁਲਿਸ ਨੇ ਦੋਸ਼ੀ ਦੇ ਕਬਜ਼ੇ ’ਚੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਸੈੱਲ ਉਨ੍ਹਾਂ ਨੰਬਰਾਂ ਨੂੰ ਟਰੇਸ ਕਰ ਰਿਹਾ ਹੈ। ਇਸ ਦੇ ਨਾਲ ਹੀ ਦੋਸ਼ੀ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾਵੇਗੀ।
ਹਾਲ ਹੀ ਵਿੱਚ ਤਰਨਤਾਰਨ ਅਤੇ ਕੁਝ ਮਹੀਨੇ ਪਹਿਲਾਂ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਆਰਪੀਜੀ ਹਮਲੇ ਵਿੱਚ ਵੀ ਤਪਿੰਦਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਤੋਂ ਲੋਕੇਸ਼ਨ ਜਾਣਨ ਤੋਂ ਬਾਅਦ ਅੱਤਵਾਦੀ ਸੰਗਠਨਾਂ ਵੱਲੋਂ ਆਰਪੀਜੀ ਹਮਲਾ ਕੀਤਾ ਗਿਆ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: