ਲੁਧਿਆਣਾ ‘ਚ 9 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਇਸਲਾਮ ਗੰਜ ਨੇੜੇ ਪੋਠੋਹਾਰ ਸਕੂਲ ਕੋਲ ਰਹਿੰਦਾ ਹੈ। ਉਹ ਘਰੋਂ ਦੁੱਧ ਲੈਣ ਗਿਆ ਸੀ। ਜਦੋਂ ਉਹ 10 ਵਜੇ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੀ ਮਾਤਾ ਤਾਰਾ ਮਣੀ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਦੇਰ ਸ਼ਾਮ ਇੱਕ ਟੀਟੀ ਅਤੇ ਆਰਪੀਐਫ ਸਟਾਫ ਬੱਚੇ ਨੂੰ ਫਿਲੌਰ ਸਟੇਸ਼ਨ ਤੋਂ ਲੁਧਿਆਣਾ ਜੀਆਰਪੀ ਸਟੇਸ਼ਨ ਲੈ ਗਿਆ। ਚਾਈਲਡ ਹੈਲਪ ਲਾਈਨ ਰਾਹੀਂ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਅਗਵਾ ਹੋਏ ਬੱਚੇ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ। ਪ੍ਰਦੀਪ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ। ਇੱਕ ਦੁਕਾਨ ਤੋਂ ਦੁੱਧ ਨਾ ਮਿਲਿਆ ਤਾਂ ਉਹ ਥੋੜ੍ਹਾ ਅੱਗੇ ਚਲਾ ਗਿਆ।
ਕੁਝ ਦੂਰੀ ‘ਤੇ 4 ਬੰਦੇ ਉਸ ਨੂੰ ਕੋਈ ਦਵਾਈ ਆਦਿ ਖੁਆ ਕੇ ਆਪਣੇ ਨਾਲ ਲੈ ਗਏ। ਪ੍ਰਦੀਪ ਮੁਤਾਬਕ ਚਾਰੇ ਦੋਸ਼ੀ ਉਸ ਨੂੰ ਆਟੋ ਵਿੱਚ ਬਿਠਾ ਕੇ ਲੈ ਗਏ। ਮੁਲਜ਼ਮ ਉਸ ਨੂੰ ਰੇਲਵੇ ਲਾਈਨ ’ਤੇ ਲੈ ਆਏ ਅਤੇ ਜ਼ਬਰਦਸਤੀ ਟਰੇਨ ’ਚ ਬਿਠਾ ਦਿੱਤਾ। ਉਸ ਨੇ ਬਦਮਾਸ਼ਾਂ ਤੋਂ ਬਚਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੀ ਬਾਂਹ ‘ਤੇ ਸੱਟ ਲੱਗ ਗਈ।
ਪ੍ਰਦੀਪ ਦੀ ਮਾਂ ਤਾਰਾਮਣੀ ਨੇ ਦੱਸਿਆ ਕਿ ਉਹ ਸੀਐਮਸੀ ਹਸਪਤਾਲ ਵਿੱਚ ਸਵੀਪਰ ਹੈ। ਬੱਚਾ ਗੁੰਮ ਹੋਣ ਕਾਰਨ ਸਾਰਾ ਦਿਨ ਉਹ ਫਿਕਰ ਵਿੱਚ ਰਹੀ। ਦੱਸ ਦੇਈਏ ਕਿ ਇਹ ਘਟਨਾ ਥਾਣਾ ਡਵੀਜ਼ਨ ਨੰਬਰ 2 ਦੇ ਇਲਾਕੇ ਦੀ ਹੈ ਪਰ ਲੜਕੇ ਦੀ ਮਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ।
ਪ੍ਰਦੀਪ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨੇ ਉਸ ਨੂੰ ਬੋਰੀ ਵਿੱਚ ਪਾ ਲਿਆ, ਪਰ ਉਹ ਬਾਹਰ ਆ ਕੇ ਰੇਲ ਗੱਡੀ ਵਿੱਚੋਂ ਭੱਜ ਗਿਆ। ਫਿਲੌਰ ਸਟੇਸ਼ਨ ‘ਤੇ ਉਸ ਨੂੰ ਇੱਕ ਪੁਲਿਸ ਮੁਲਾਜ਼ਮ ਅਤੇ ਟੀਟੀ ਮਿਲਿਆ ਜਿਸ ਨੇ ਉਸਦੀ ਮਦਦ ਕੀਤੀ। ਉਨ੍ਹਾਂ ਲੋਕਾਂ ਦੀ ਮਦਦ ਨਾਲ ਉਹ ਵਾਪਸ ਲੁਧਿਆਣਾ ਆਉਣ ਵਿਚ ਕਾਮਯਾਬ ਹੋ ਗਿਆ।
ਫਿਲੌਰ ਸਟੇਸ਼ਨ ‘ਤੇ ਤਾਇਨਾਤ ਟੀਟੀ ਧਰਮਪਾਲ ਨੇ ਦੱਸਿਆ ਕਿ ਉਹ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਟਰੇਨ ਕੋਲ ਖੜ੍ਹੇ ਬੱਚੇ ਪ੍ਰਦੀਪ ‘ਤੇ ਪਈ। ਜਦੋਂ ਉਨ੍ਹਾਂ ਨੇ ਪ੍ਰਦੀਪ ਨੂੰ ਪੁੱਛਿਆ ਕਿ ਉਹ ਇੱਥੇ ਕਿਵੇਂ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ ਉਹ ਘਰੋਂ ਦੁੱਧ ਲੈਣ ਗਿਆ ਸੀ। ਚਾਰ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ। ਕਿਸੇ ਤਰ੍ਹਾਂ ਉਹ ਟਰੇਨ ‘ਚ ਉਨ੍ਹਾਂ ਤੋਂ ਬਚ ਗਿਆ। ਬੱਚੇ ਮੁਤਾਬਕ ਉਸ ਦੀ ਬਾਂਹ ਅਤੇ ਪਿੱਠ ‘ਤੇ ਵੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’
ਟੀਟੀ ਧਰਮਪਾਲ ਅਨੁਸਾਰ ਫਿਲੌਰ ਸਟੇਸ਼ਨ ‘ਤੇ ਬੱਚਾ ਮਿਲਣ ਦੀ ਸੂਚਨਾ ਫਿਰੋਜ਼ਪੁਰ ਡਵੀਜ਼ਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਬੱਚੇ ਦੀ ਮਾਂ ਨੂੰ ਲੁਧਿਆਣਾ ਜੀਆਰਪੀ ਸਟੇਸ਼ਨ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜਿਸ ਟੀਟੀ ਨੇ ਬੱਚੇ ਦੀ ਮਦਦ ਕੀਤੀ ਸੀ, ਉਹੀ ਟੀਟੀ ਹੈ ਜਿਸ ‘ਤੇ ਕੁਝ ਮਹੀਨੇ ਪਹਿਲਾਂ ਇੱਕ ਮਹਿਲਾ ਯਾਤਰੀ ਨੂੰ ਥੱਪੜ ਮਾਰਨ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਸਟੇਸ਼ਨ ਤੋਂ ਫਿਲੌਰ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: