ਪੰਜਾਬ ਵਿੱਚ ਵਧਦੀ ਧੁੰਦ ਕਰਕੇ ਬੱਚਿਆਂ ਤੇ ਅਧਿਆਪਕਾਂ ਦੀ ਸਿਹਤ ਤੇ ਜਾਨੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ ਸਕੂਲਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਭਲਕੇ ਤੋਂ ਸਾਰੇ ਸਕੂਲ ਸਵੇਰੇ 10 ਵਜੇ ਲੱਗਣਗੇ, ਜਦਕਿ ਛੱਟੀ ਪਹਿਲਾਂ ਤੋਂ ਹੀ ਤੈਅ ਸਮੇਂ ਮੁਤਾਬਕ ਹੀ ਹੋਵੇਗੀ। ਇਹ ਹੁਕਮ 21 ਜਨਵਰੀ 2023 ਤੱਕ ਲਾਗੂ ਰਹੇਗਾ।
ਦੱਸ ਦੇਈਏ ਕਿ ਪੰਜਾਬ ‘ਚ ਦੋ ਦਿਨ ਤੋਂ ਪੈ ਰਹੀ ਧੁੰਦ ਕਾਰਨ ਸੜਕ ਹਾਦਸੇ ਵੱਧ ਗਏ ਹਨ। ਅੱਜ ਸਵੇਰੇ ਸਾਦਿਕ ਨੇੜੇ ਫਰੀਦਕੋਟ ਰੋਡ ‘ਤੇ ਧੁੰਦ ਕਾਰਨ ਇਕ ਸਕੂਲ ਵੈਨ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਸਕੂਲ ਵੈਨ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ‘ਚ ਲਗਭਗ 25 ਬੱਚੇ ਸਵਾਰ ਸਨ।
ਦੂਜੇ ਪਾਸੇ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਮੌਸਮ ਵਿਭਾਗ ਦੇ ਮੁਤਾਬਕ ਫਿਲਹਾਲ ਸੰਘਣੀ ਧੁੰਦ ਦਾ ਪ੍ਰਕੋਪ ਘੱਟ ਨਹੀਂ ਹੋਵੇਗਾ। ਵਿਭਾਗ ਨੇ ਮੰਗਲਵਾਰ ਲਈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ ਲਈ ਰੈੱਡ ਅਲਰਟ ਕੀਤਾ ਹੈ।
ਇਹ ਵੀ ਪੜ੍ਹੋ : ਅਗਲੇ ਸਾਲ ਲੱਗੇਗਾ ਪਾਵਰਕਾਮ ਦਾ ਝਟਕਾ! 70 ਪੈਸੇ ਪ੍ਰਤੀ ਯੂਨਿਟ ਵਧਾਉਣ ਦੀ ਤਿਆਰੀ
ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਰੈੱਡ ਅਲਰਟ ਵਾਲੇ ਜ਼ਿਲ੍ਹਿਆਂ ਵਿੱਚ ਲੋਕ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਵਿੱਚ ਗੱਡੀਆਂ ਸੰਭਾਲ ਕੇ ਤੇ ਹੌਲੀ ਚਲਾਉਣ, ਕਿਉਂਕਿ ਅਜੇ ਧੁੰਦ ਕੁਝ ਹੋਰ ਦਿਨ ਸਤਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: