ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇੱਕ ਵਾਰ ਫਿਰ ਦੁਨੀਆ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਕੇਂਦਰ ਸਰਕਾਰ ਵੀ ਅਲਰਟ ਮੋਡ ‘ਤੇ ਆ ਗਈ ਹੈ। ਕੇਂਦਰ ਨੇ ਰਾਜਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਸਟਾਫ਼ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਕੁੱਲ 2 ਕਰੋੜ 10 ਲੱਖ 77 ਹਜ਼ਾਰ 118 RTPCR ਅਤੇ RAT ਟੈਸਟ ਕੀਤੇ ਜਾ ਚੁੱਕੇ ਹਨ।
ਸਿਹਤ ਮੰਤਰੀ ਵੱਲੋਂ ਦੱਸਿਆ ਗਿਆ ਕਿ ਇਸ ਵੇਲੇ ਵਿੱਚ ਰੋਜ਼ਾਨਾ ਔਸਤਨ 2500 ਆਰਟੀਪੀਸੀਆਰ ਅਤੇ ਆਰਏਟੀ ਟੈਸਟ ਕੀਤੇ ਜਾ ਰਹੇ ਹਨ। ਨਾਲ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਵੀ MSDS ਪੱਧਰ ‘ਤੇ ਟੈਸਟ ਹੋ ਰਹੇ ਹਨ। ਪੰਜਾਬ ‘ਚ ਰੋਜ਼ਾਨਾ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 0.1 ਫੀਸਦੀ ਦੱਸਿਆ ਜਾ ਰਿਹਾ ਹੈ। ਸੂਬਾ ਸਰਕਾਰ ਮੁਤਾਬਕ ਕੋਰੋਨਾ ਦੇ ਮਾਮਲਿਆਂ ਦੀ ਰੋਕਥਾਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿੱਚ ਜਾਂਚ, ਨਿਗਰਾਨੀ, ਇਲਾਜ, ਟੀਕਾਕਰਨ ਅਤੇ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਸ਼ਾਮਲ ਹੈ।
ਪੰਜਾਬ ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਕੁੱਲ 9 ਕੋਰੋਨਾ ਪਾਜ਼ੀਟਿਵ ਮਰੀਜ਼ ਪਾਏ ਗਏ ਹਨ। ਇਨ੍ਹਾਂ ਵਿੱਚ ਜਲੰਧਰ-2, ਅੰਮ੍ਰਿਤਸਰ-1, ਗੁਰਦਾਸਪੁਰ-1, ਮੁਕਤਸਰ ਸਾਹਿਬ-2, ਰੋਪੜ-1, ਫਰੀਦਕੋਟ-1 ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ 1 ਇਨਫੈਕਟਿਡ ਮਰੀਜ਼ ਹੈ। ਜਦਕਿ ਬਾਕੀ 16 ਜ਼ਿਲ੍ਹਿਆਂ ਵਿੱਚ ਇੱਕ ਵੀ ਪਾਜ਼ੀਟਿਵ ਕੇਸ ਨਹੀਂ ਪਾਇਆ ਗਿਆ ਹੈ। ਪਿਛਲੇ 20 ਦਸੰਬਰ 2022 ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਪਾਜ਼ੀਟਿਵ ਮਰੀਜ਼ ਨਹੀਂ ਮਿਲਿਆ ਹੈ।
ਪੰਜਾਬ ਸਿਹਤ ਵਿਭਾਗ ਮੁਤਾਬਕ ਰਾਜ ਵਿੱਚ ਹੁਣ ਤੱਕ ਕੋਰੋਨਾ ਲਾਗ ਕਰਕੇ 20,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਸਾਰੇ ਜ਼ਿਲ੍ਹਿਆਂ ਦੇ ਕੇਅਰ ਯੂਨਿਟਾਂ ਵਿੱਚ ਲਗਭਗ 790 ਲੈਵਲ-2 ਬੈੱਡ, 324 ਚਾਈਲਡ ਆਈਸੀਯੂ ਬੈੱਡ ਤਿਆਰ ਰੱਖੇ ਗਏ ਹਨ। ਇਸ ਤੋਂ ਇਲਾਵਾ ਲੈਵਲ-2 ਚਾਈਲਡ ਕੇਅਰ ਦੇ ਕੁੱਲ 3518 ਬੈੱਡ ਹਨ। ਆਈਸੀਯੂ ਵਿੱਚ 142 ਬੈੱਡ ਵੀ ਤਿਆਰ ਰੱਖੇ ਗਏ ਹਨ।
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਆਕਸੀਜਨ ਪਲਾਂਟ ਵੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ 87 ਪੀਐਸਏ ਆਕਸੀਜਨ ਜਨਰੇਸ਼ਨ ਪਲਾਂਟ ਵੀ ਸਥਾਪਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: