ਸਿੱਕਮ ਵਿਚ ਆਪਣੇ 16 ਸਾਥੀਆਂ ਸਣੇ ਬਲਿਦਾਨ ਦੇਣ ਵਾਲੇ ਫੌਜ ਦੀ 285 ਰੈਜੀਮੈਂਟ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਦਾ ਅੱਜ ਪਠਾਨਕੋਟ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਨਾਜੋਵਾਲ ਵਿਚ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮੇਜਰ ਯੋਗੇਸ਼ ਦੀ ਅਗਵਾਈ ਵਿਚ ਪਠਾਨਕੋਟ ਤੋਂ ਆਈ ਫੌਜ ਦੀ 327 ਮੀਡੀਅਮ ਰੈਜੀਮੈਂਟ ਦੇ ਜਵਾਨਾਂ ਨੇ ਹਵਾ ਵਿਚ ਗੋਲੀਆਂ ਦਾਗੀਆਂ ਤੇ ਨਾਇਬ ਸੂਬੇਦਾਰ ਓਂਕਾਰ ਸਿੰਘ ਨੂੰ ਸਲਾਮੀ ਦਿੱਤੀ।
ਚਾਰ ਸਾਲਾ ਬੇਟੇ ਮੁਕੁੰਦ ਨੇ ਨਾਇਬ ਸੂਬੇਦਾਰ ਓਂਕਾਰ ਸਿੰਘ ਦੀ ਚਿਤਾ ਨੂੰ ਅਗਨੀ ਦਿੱਤੀ ਤਾਂ ਸ਼ਮਸ਼ਾਨਘਾਟ ‘ਤੇ ਮੌਜੂਦ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਸੈਂਕੜੇ ਨੌਜਵਾਨਾਂ ਨੇ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਦੇ ਕਾਨਵਾਂ ਚੌਕ ਤੋਂ ਪਿੰਡ ਤੱਕ ਤਿਰੰਗਾ ਯਾਤਰਾ ਕੱਢ ਕੇ ਓਂਕਾਰ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦ ਓਂਕਾਰ ਸਿੰਘ ਅਮਰ ਰਹੇ, ਭਾਰਤ ਮਾਤਾ ਕੀ ਜੈ ਤੇ ਭਾਰਤੀ ਸੈਨਾ ਜ਼ਿੰਦਾਬਾਦ ਦੇ ਜੈਕਾਰਿਆਂ ਨਾਲ ਇਲਾਕਾ ਗੂੰਜਣ ਲੱਗਾ।
ਸੂਬੇਦਾਰ ਓਂਕਾਰ ਦਾ ਪਾਰਥਿਵ ਸਰੀਰ ਜਦੋਂ ਤਿਰੰਗੇ ਵਿਚ ਲਿਪਟ ਕੇ ਘਰ ਪਹੁੰਚਿਆ ਤਾਂ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਮਾਂ ਸਰੋਜ ਬਾਲਾ ਪਿਤਾ ਠਾਕੁਰ ਰਘੁਬੀਰ ਸਿੰਘ, ਪਤਨੀ ਸਪਨਾ, ਭੈਣਾਂ ਸੀਮਾ, ਵੰਦਨਾ ਤੇ ਮਮਤਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਤਨੀ ਕਹਿਣ ਲੱਗੀ ਮੇਰੀ ਤਾਂ ਦੁਨੀਆ ਹੀ ਉਜੜ ਗਈ…. ਓਂਕਾਰ ਉਠ… ਮੈਨੂੰ ਦੱਸ ਮੈਂ ਕਿਸ ਦੇ ਸਹਾਰੇ ਜ਼ਿੰਦਗੀ ਕੱਟਾਂਗੀ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਾਕਰ ਸ਼ਹੀਦ ਪਰਿਵਾਰ ਦੇ ਨਾਲ ਖੜ੍ਹੀ ਹੈ। ਵੀਰਾਂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਸੈਨਾ ਮੁੱਖ ਦਫਤਰ ਤੋਂ ਬੈਟਲ ਕੈਜੂਅਲਟੀ ਰਿਪੋਰਟ ਆਉਂਦੇ ਹੀ ਸਰਕਾਰ ਦੀ ਪਾਲਿਸੀ ਮੁਤਾਬਕ ਸ਼ਹੀਦ ਪਰਿਵਾਰ ਨੂੰ 1 ਕਰੋੜ ਦੀ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰਸ਼ੀਦ ਦੀ ਮੰਗ ‘ਤੇ ਮੰਤਰੀ ਕਟਾਰੂਚੱਕ ਨੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ ‘ਤੇ ਰੱਖਣ ਤੇ ਸ਼ਹੀਦ ਦੀ ਯਾਦ ਵਿਚ ਇਕ ਯਾਦਗਾਰੀ ਗੇਟ ਬਣਵਾਉਣ ਦਾ ਵੀ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: