ਜੰਮੂ ਜ਼ਿਲੇ ਦੇ ਸਿਧਰਾ ਇਲਾਕੇ ‘ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ‘ਚ ਸੁਰੱਖਿਆ ਬਲਾਂ ਨੂੰ ਕਾਮਯਾਬੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਇਸ ਮੁਕਾਬਲੇ ਦੌਰਾਨ 4 ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਮੁਕਾਬਲੇ ਦੌਰਾਨ ਅੱਤਵਾਦੀ ਜਿਸ ਟਰੱਕ ‘ਚ ਸਵਾਰ ਸਨ, ਉਸ ਨੂੰ ਅੱਗ ਲੱਗ ਗਈ ਹੈ।
ਦੱਸ ਦੇਈਏ ਕਿ ਸਵੇਰੇ 7:34 ਵਜੇ ਪਹਿਲੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਟਰੱਕ ‘ਚ ਸਵਾਰ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਸਿਧਰਾ ਖੇਤਰ ‘ਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਵੱਲੋਂ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸੁਰੱਖਿਆ ਬਲ ਸ਼ੱਕੀ ਸਥਾਨ ਵੱਲ ਵਧੇ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ ਅਤੇ ਮੁਕਾਬਲਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਬੇਅੰਤ ਸਿੰਘ ਮੈਮੋਰੀਅਲ ‘ਚ ਬਣੇਗਾ ਆਡੀਟੋਰੀਅਮ ਅਤੇ ਕਨਵੈਨਸ਼ਨ ਸੈਂਟਰ, ਪੰਜਾਬ-ਚੰਡੀਗੜ੍ਹ ਚੁੱਕਣਗੇ ਖਰਚਾ
ਇਸ ਸਬੰਧੀ ADGP ਮੁਕੇਸ਼ ਸਿੰਘ ਨੇ ਦੱਸਿਆ ਕਿ ਜੰਮੂ ਦੇ ਸਿੱਧਰਾ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਚਾਰ ਅਤਿਵਾਦੀ ਮਾਰੇ ਗਏ ਹਨ। 7 AK-47 ਰਾਈਫਲਾਂ, 3 ਪਿਸਤੌਲ ਅਤੇ ਹੋਰ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ। ਟਰੱਕ ਮਾਲਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਪਰ ਤਲਾਸ਼ ਜਾਰੀ ਹੈ। ਇਸ ਦੇ ਨਾਲ ਹੀ ਦੋ ਤੋਂ ਤਿੰਨ ਅੱਤਵਾਦੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: